ਲੁਧਿਆਣਾ ਵਿੱਚ ਗਣੇਸ਼ ਹੌਜ਼ਰੀ ਫੈਕਟਰੀ ਵਿੱਚ ਅੱਗ ਲੱਗਣ ਕਾਰਨ 3 ਮਜ਼ਦੂਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਫੈਕਟਰੀ ਬਿਨਾਂ NOC ਦੇ ਚੱਲ ਰਹੀ ਸੀ। ਫੈਕਟਰੀ ਅੰਦਰ ਲੱਗੀ ਅੱਗ ਨੂੰ ਬੁਝਾਉਣ ਲਈ ਕੋਈ ਪ੍ਰਬੰਧ ਨਹੀਂ ਸੀ । ਮ੍ਰਿਤਕਾਂ ਦੀ ਪਛਾਣ ਇੰਦਰਜੀਤ ਸਿੰਘ, ਮਹਿੰਦਰ ਕੁਮਾਰ ਅਤੇ ਰਵਿੰਦਰ ਚੋਪੜਾ ਵਜੋਂ ਹੋਈ ਹੈ। ਜਦਕਿ 4 ਜ਼ਖ਼ਮੀਆਂ ਦਾ ਡੀਐਮਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਜਿਸ ਵਿੱਚ 2 ਵਿਅਕਤੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਸੂਚਨਾ ਦੇ ਅਨੁਸਾਰ ਲੱਕੜ ਪੁਲ ਨੇੜੇ ਗਣੇਸ਼ ਹੌਜ਼ਰੀ ਫੈਕਟਰੀ ‘ਚ ਅੱਗ ਲੱਗ ਗਈ। ਇਸ ਦੌਰਾਨ ਮਜ਼ਦੂਰ ਫੈਕਟਰੀ ਦੇ ਅੰਦਰ ਹੀ ਕੰਮ ਕਰ ਰਹੇ ਸੀ । ਆਸਪਾਸ ਦੇ ਲੋਕਾਂ ਨੇ ਧੂੰਆਂ ਨਿਕਲਦਾ ਦੇਖ ਕੇ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ। ਅੱਗ ਲੱਗਣ ਕਾਰਨ ਫੈਕਟਰੀ ਦੀ ਦੂਜੀ ਮੰਜ਼ਿਲ ਪੂਰੀ ਤਰ੍ਹਾਂ ਸੜ ਗਈ।
ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਜ਼ਿਆਦਾਤਰ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਪਰ ਪੰਜ ਅੰਦਰ ਹੀ ਫਸੇ ਹੋਏ ਸੀ । ਇੱਕ ਵਿਅਕਤੀ ਦੀ ਅੱਗ ‘ਚ ਸੜ ਕੇ ਮੌਤ ਹੋ ਗਈ, ਜਦੋਂ ਕਿ 4 ਬੁਰੀ ਤਰ੍ਹਾਂ ਜਖ਼ਮੀ ਹੋ ਗਏ। 5 ਮੰਜ਼ਿਲਾ ਇਮਾਰਤ ਹੋਣ ਕਾਰਨ ਅੱਗ ‘ਤੇ ਕਾਬੂ ਪਾਉਣ ‘ਚ ਬਹੁਤ ਮੁਸ਼ਕਿਲ ਹੋਈ |
ਫੈਕਟਰੀ ਦੇ ਅੰਦਰ ਜਾਣ ਦਾ ਕੋਈ ਰਸਤਾ ਨਹੀਂ ਸੀ। ਅੱਗ ਹਰ ਪਾਸੇ ਫੈਲ ਗਈ ਸੀ। ਇਸ ਕਾਰਨ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਆਸ-ਪਾਸ ਦੀਆਂ ਛੱਤਾਂ ਤੋਂ ਪੌੜੀਆਂ ਲਾ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ। ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਾਨੂੰਨ ਦੇ ਅਨੁਸਾਰ ਸਾਰੀ ਕਾਰਵਾਈ ਹੋਵੇਗੀ ।