ਲੁਧਿਆਣਾ ਦੇ ਪਿੰਡ ਭਾਗਪੁਰ ਥਾਣਾ ਕੂੰਮਕਲਾਂ ਦੇ ਖੇਤਰ ਵਿੱਚ ਇੱਕ ਭਾਣਜੇ ਨੇ ਆਪਣੇ ਮਾਮੇ ਦਾ ਕਤਲ ਕਰ ਦਿੱਤਾ। ਭਾਣਜਾ ਅਤੇ ਮਾਮਾ ਦੋਵੇਂ ਇਮਾਰਤਾਂ ਬਣਾਉਣ ਦਾ ਕੰਮ ਕਰਦੇ ਸੀ। ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਭਾਣਜੇ ਦੀ ਆਪਣੇ ਮਾਮੇ ਨਾਲ ਲੜਾਈ ਹੋ ਗਈ । ਜਿਸ ਵਿੱਚ ਉਸ ਨੇ ਮਾਮੇ ਦੇ ਸਿਰ ‘ਤੇ ਹਥੌੜਾ ਮਾਰ ਦਿੱਤਾ ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਪਛਾਣ ਇੰਦਰਜੀਤ ਵਰਮਾ ਵਜੋਂ ਹੋਈ ਹੈ ਅਤੇ ਮੁਲਜ਼ਮ ਭਾਣਜੇ ਦੀ ਪਛਾਣ ਸੁਨੀਲ ਕੁਮਾਰ ਵਜੋਂ ਹੋਈ ਹੈ। ਸੁਨੀਲ ਅਤੇ ਇੰਦਰਜੀਤ ਦੋਵਾਂ ਨੇ ਭਾਗਪੁਰ ਪਿੰਡ ਵਿੱਚ ਇਮਾਰਤ ਬਣਾਉਣ ਦਾ ਕੰਮ ਲਿਆ ਸੀ।
ਮਾਮਾ ਤੇ ਭਾਣਜਾ ਰਾਤ ਨੂੰ ਸ਼ਰਾਬ ਪੀ ਰਹੇ ਸੀ ਕਿ ਪੈਸਿਆਂ ਨੂੰ ਲੈ ਕੇ ਉਨ੍ਹਾਂ ਦੀ ਆਪਸ ਵਿੱਚ ਲੜਾਈ ਹੋ ਗਈ। ਮਾਮਲਾ ਇੰਨਾ ਜਿਆਦਾ ਵੱਧ ਗਿਆ ਕਿ ਸੁਨੀਲ ਨੇ ਇੰਦਰਜੀਤ ਦੇ ਸਿਰ ‘ਤੇ ਹਥੌੜੇ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਸੁਨੀਲ ਆਪਣੇ ਮਾਮੇ ਦਾ ਕਤਲ ਕਰਕੇ ਭੱਜ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਇੰਦਰਜੀਤ ਦੀ ਖੂਨ ਨਾਲ ਲੱਥਪੱਥ ਲਾਸ਼ ਦੇਖ ਕੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਵਾਲਿਆਂ ਨੂੰ ਭੇਜ ਦਿੱਤੀ ਹੈ ।
ਥਾਣਾ ਕੂੰਮਕਲਾਂ ਦੇ ਸਬ-ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਹੈ ਕਿ ਇੰਦਰਜੀਤ ਵਰਮਾ ਦਾ ਪਰਿਵਾਰ ਦੁੱਗਰੀ ‘ਚ ਰਹਿੰਦਾ ਹੈ, ਜਦਕਿ ਸੁਨੀਲ ਕੁਮਾਰ ਦਾ ਪਰਿਵਾਰ ਗੋਰਖਪੁਰ ‘ਚ ਰਹਿੰਦੇ ਹਨ। ਸੁਨੀਲ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਦੀ ਟੀਮ ਗ੍ਰਿਫ਼ਤਾਰੀ ਲਈ ਮੁਲਜ਼ਮ ਦੀ ਭਾਲ ਕਰ ਰਹੀ ਹੈ।