ਲੁਧਿਆਣਾ ਵਿਚ ਕ੍ਰਿਕਟ ਮੈਚ ਵਿਚ ਖੂਨੀ ਲੜਾਈ ਸ਼ੁਰੂ ਹੋ ਗਈ। ਲੜਾਈ ਵਿਚ 5 ਨੌਜਵਾਨ ਜ਼ਖਮੀ ਹੋ ਗਏ। ਜ਼ਖਮੀਆਂ ਵਿਚੋਂ 2 ਨੂੰ ਪੀਜੀਆਈ ਭਰਤੀ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ 1 ਨੌਜਵਾਨ ਕੋਮਾ ‘ਚ ਹੈ | ਇਹ ਲੜਾਈ ਬੱਲੇਬਾਜ਼ ਨੂੰ ਆਊਟ ਦੇਣ ‘ਤੇ ਸ਼ੁਰੂ ਹੋਈ ਸੀ। ਮੈਚ ਵਿਚ ਅੰਪਾਇਰਿੰਗ ਕਰ ਰਹੇ ਨੌਜਵਾਨ ਨੇ ਬੱਲੇਬਾਜ਼ ਨੂੰ ਆਊਟ ਕਰ ਦਿੱਤਾ ਪਰ ਬੈਟਿੰਗ ਕਰ ਰਿਹਾ ਨੌਜਵਾਨ ਆਪਣੇ ਆਪ ਨੂੰ ਨਾਟ ਆਊਟ ਕਹਿ ਰਿਹਾ ਸੀ।
ਸਾਰੀ ਗੱਲ ਜਦੋ ਜ਼ਿਆਦਾ ਵਿਗੜੀ ਤਾਂ ਗੇਂਦਬਾਜ਼ੀ ਕਰ ਰਹੇ ਨੌਜਵਾਨ ਨੇ ਕਿਹਾ ਕਿ ਮੈਚ ਨਾ ਖੇਡਣ ‘ਤੇ ਉਸ ਨੂੰ ਡਰਾਅ ਕਰ ਦਿੰਦੇ ਹਾਂ। ਇਹ ਗੱਲ ਕਹਿਣ ਤੋਂ ਬਾਅਦ ਜਦੋ ਉਹ ਵਾਪਸ ਘਰ ਜਾਣ ਲੱਗਾ ਕਿ ਇਸੇ ਦੌਰਾਨ ਉਸ ‘ਤੇ ਬੈਟਿੰਗ ਟੀਮ ਦੇ ਕੁਝ ਖਿਡਾਰੀਆਂ ਨੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਨੌਜਵਾਨ ਨੂੰ ਬੁਰੀ ਤਰ੍ਹਾਂ ਮਾਰਿਆ ਗਿਆ।
ਉਸ ਨੂੰ ਬਚਾਉਣ ਲਈ ਆਏ 4 ਵਿਅਕਤੀਆਂ ਨੂੰ ਵੀ ਦੋਸ਼ੀਆਂ ਨੇ ਡੰਡਿਆਂ ਨਾਲ ਮਾਰਿਆ। ਲਹੂ-ਲੁਹਾਨ ਨੌਜਵਾਨ ਦੀਆਂ ਚੀਕਾਂ ਸੁਣ ਕੇ ਆਲੇ-ਦੁਵਾਲੇ ਦੇ ਲੋਕ ਛੱਤਾਂ ‘ਤੇ ਇਕੱਠੇ ਹੋ ਗਏ। ਕੁਝ ਲੋਕਾਂ ਨੇ ਇਸ ਖੂਨੀ ਲੜਾਈ ਦੀ ਵੀਡੀਓ ਵੀ ਬਣਾਈ ਗਈ |
ਹਮਲਾਵਰਾਂ ਨੇ ਸਿਰ ‘ਤੇ ਡੰਡੇ ਮਾਰਨੇ ਸ਼ੁਰੂ ਕਰਤੇ, ਜਿਸ ਕਾਰਨ ਦੋ ਵਿਅਕਤੀ ਮੌਕੇ ‘ਤੇ ਹੀ ਬੇਹੋਸ਼ ਹੋ ਗਏ। ਜ਼ਖਮੀਆਂ ਨੂੰ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੋਂ ਦੋ ਨੌਜਵਾਨਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਹੈ ਕਿ ਪੀਜੀਆਈ ਦੇ ਡਾਕਟਰਾਂ ਦੇ ਅਨੁਸਾਰ ਸਿੰਟੂ ਨਾਮਕ ਨੌਜਵਾਨ ਕੋਮਾ ਵਿੱਚ ਹੈ, ਜਦੋਂਕਿ ਦੂਸਰਾ ਨਾਜ਼ੁਕ ਹਾਲਤ ‘ਚ ਹੈ। ਪੀੜਤਾ ਦੀ ਪਛਾਣ ਗੰਗੂ, ਪਿੰਟੂ, ਸੋਨੂੰ, ਸਿੰਟੂ ਅਤੇ ਮੋਨੂੰ ਵਜੋਂ ਹੋਈ ਹੈ। ਸਾਰੇ ਜ਼ਖ਼ਮੀ ਰੰਗਾਈ ਫੈਕਟਰੀ ਵਿੱਚ ਕੰਮ ਕਰਦੇ ਹਨ। ਸਾਰਿਆਂ ਦੇ ਸਿਰ ‘ਤੇ ਸੱਟਾਂ ਲੱਗੀਆਂ ਹਨ।ਮੁਹੱਲੇ ਵਿਚ ਖੂਨੀ ਲੜਾਈ ਹੋਣ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਪਰ ਥਾਣਾ ਜਮਾਲਪੁਰ ਦੀ ਪੁਲਿਸ ਇਕ ਵਾਰ ਵੀ ਮੌਕਾ ਤੇ ਨਹੀਂ ਆਈ। ਪੀੜਤਾਂ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਪੁਲਿਸ ਜੇਕਰ ਕੇਸ ਦਰਜ ਨਹੀਂ ਕਰਦੀ ਤਾਂ ਉਹ ਧਰਨੇ ਤੇ ਬੈਠਣਗੇ । ਬਦਮਾਸ਼ਾਂ ਨਾਲ ਕੁਝ ਔਰਤਾਂ ਵੀ ਸ਼ਾਮਿਲ ਸੀ ਜਿਨ੍ਹਾਂ ਨੇ ਬੇਹੋਸ਼ ਹੋ ਕੇ ਡਿੱਗੇ ਲੋਕਾਂ ਨਾਲ ਮਾਰਕੁੱਟ ਵੀ ਕੀਤੀ। ਇਲਾਕਾ ਵਾਸੀਆਂ ਨੇ ਦੱਸਿਆ ਕਿ ਹਮਲਾ ਕਰਨ ਵਾਲਿਆਂ ਨਾਲ ਕੋਈ ਪੁਰਾਣੀ ਰੰਜਿਸ਼ ਨਹੀਂ ਸੀ।ਪੁਲਿਸ ਵੱਲੋ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।