ਲੁਧਿਆਣਾ ‘ਚ ਐਡੀਸ਼ਨਲ ਸੈਸ਼ਨ ਜੱਜ ਦੇ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ । ਬਦਮਾਸ਼ਾਂ ਨੇ ਜੱਜ ਦੀ ਕੋਠੀ ‘ਚ ਵੜ ਕੇ ਸਾਮਾਨ ਖਿਲਾਰਿਆ ਅਤੇ ਬਾਥਰੂਮ ‘ਚੋਂ ਟੂਟੀਆਂ ਵੀ ਚੋਰੀ ਕਰ ਲਈਆਂ। ਸਾਰੀ ਘਟਨਾ ਦੀ ਸੂਚਨਾ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੂੰ ਦਿੱਤੀ ਗਈ। ਮੌਕੇ ’ਤੇ ਪੁੱਜੇ ਅਧਿਕਾਰੀਆਂ ਨੇ ਕੋਠੀ ਚ ਸਾਰੀ ਜਾਂਚ ਕੀਤੀ।
ਜਾਣਕਾਰੀ ਦੇ ਅਨੁਸਾਰ ਜੱਜ ਰਵਦੀਪ ਹੁੰਦਲ ਦੇ ਗੰਨਮੈਨ ਸਰਦੂਲ ਸਿੰਘ ਨੇ ਪੁਲਿਸ ਨੂੰ ਬਿਆਨ ਦਰਜ ਕਰਵਾ ਦਿੱਤੇ ਹਨ। ਸਰਦੂਲ ਸਿੰਘ ਨੇ ਦੱਸਿਆ ਹੈ ਕਿ ਜੱਜ ਰਵਦੀਪ ਹੁੰਦਲ ਮਾਲ ਰੋਡ ’ਤੇ ਕੋਠੀ ਨੰਬਰ 5 ਵਿੱਚ ਰਹਿੰਦੇ ਹਨ। 6 ਮਾਰਚ ਨੂੰ ਜੱਜ ਛੁੱਟੀਆਂ ਹੋਣ ਕਾਰਨ ਚੰਡੀਗੜ੍ਹ ਗਏ ਹੋਏ ਸੀ । ਜਦੋਂ ਉਹ 9 ਮਾਰਚ ਨੂੰ ਵਾਪਸ ਪਰਤੇ ਤਾਂ ਉਨ੍ਹਾਂ ਨੂੰ ਕੋਠੀ ਵਿੱਚ ਸਾਰਾ ਸਾਮਾਨ ਖਿਲਰਿਆ ਹੋਇਆ ਮਿਲਿਆ ।
ਕੋਠੀ ਵਿੱਚ ਬਣੇ ਬਾਥਰੂਮ ਵਿੱਚੋਂ ਅਣਪਛਾਤੇ ਚੋਰਾਂ ਨੇ ਗੀਜ਼ਰ ਅਤੇ ਕਈ ਟੂਟੀਆਂ ਆਦਿ ਚੋਰੀ ਕਰ ਲਈਆਂ। ਇਸ ਘਟਨਾ ਤੋਂ ਬਾਅਦ ਲੋਕ ਇਲਾਕਾ ਪੁਲਿਸ ‘ਤੇ ਵੀ ਸਵਾਲ ਚੁੱਕ ਰਹੇ ਹਨ। ਇਲਾਕੇ ਵਿੱਚ ਸੈਸ਼ਨ ਜੱਜ ਦਾ ਘਰ ਸੁਰੱਖਿਅਤ ਨਹੀਂ ਹੈ ਤਾਂ ਪੁਲਿਸ ਆਮ ਲੋਕਾਂ ਦੀ ਰਾਖੀ ਦਾ ਪ੍ਰਬੰਧ ਕਿਵੇਂ ਕਰੇਗੀ। ਇਲਾਕਾ ਪੁਲਿਸ ਅਨੁਸਾਰ ਇਸ ਘਟਨਾ ਦੀ ਜਾਂਚ ਸ਼ੁਰੂ ਹੋ ਗਈ ਹੈ। ਇਲਾਕੇ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ |