ਕੱਲ ਯਾਨੀ ਐਤਵਾਰ ਨੂੰ ਲੁਧਿਆਣਾ ‘ਚ ਜ਼ਹਿਰੀਲੀ ਗੈਸ ਕਾਰਨ 11 ਲੋਕਾਂ ਦੀ ਮੌਤ ਹੋਈ ਸੀ। ਇਹ ਜ਼ਹਿਰੀਲੀ ਗੈਸ ਕਰਿਆਨਾ ਸਟੋਰ ਦੇ ਸਾਹਮਣੇ ਸੀਵਰੇਜ਼ ਦੇ ਗਟਰ ਵਿੱਚੋਂ ਨਿਕਲੀ ਸੀ। ਗੈਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਦੇਰ ਰਾਤ ਤੱਕ ਇਲਾਕੇ ਵਿੱਚ ਕੰਮ ਜਾਰੀ ਰਿਹਾ। ਦੇਰ ਰਾਤ ਨੂੰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ‘ਤੇ ਪੁੱਜ ਗਏ ਸੀ।
ਇਸ ਮਾਮਲੇ ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਕਰਿਆਨਾ ਸਟੋਰ ਦੇ ਮਾਲਕ ਸੌਰਵ ਗੋਇਲ ਨੇ ਸੀਵਰੇਜ ਜਾਮ ਹੋਣ ਤੋਂ ਬਾਅਦ ਇਸ ਨੂੰ ਖੌਲ੍ਹ ਦਿੱਤਾ ਸੀ। ਇਸ ਜ਼ਹਿਰੀਲੀ ਗੈਸ ਨਿਕਲਣ ਦੀ ਵਜ੍ਹਾ ਨਾਲ ਸੌਰਵ, ਉਸ ਦੀ ਪਤਨੀ ਤੇ ਮਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਉਸ ਦਾ ਵੱਡਾ ਭਰਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਇਸ ਹਾਦਸੇ ‘ਚ ‘ਆਰਤੀ ਕਲੀਨਿਕ’ ਨਾਂ ਦੀ ਦੁਕਾਨ ਦੇ ਮਾਲਕ ਡਾ. ਕਵਿਲਾਸ਼ ਦਾ ਪੂਰਾ ਪਰਿਵਾਰ ਨਹੀਂ ਰਿਹਾ। ਮ੍ਰਿਤਕਾਂ ‘ਚ ਉਨ੍ਹਾਂ ਦੀ ਪਤਨੀ ਤੇ ਤਿੰਨ ਬੱਚੇ ਆਉਂਦੇ ਹਨ। ਮ੍ਰਿਤਕਾਂ ਵਿੱਚ ਡਾ. ਕਵਿਲਾਸ਼ (40), ਉਸ ਦੀ ਪਤਨੀ ਵਰਸ਼ਾ (35), ਪੁੱਤਰੀ ਕਲਪਨਾ (16), ਪੁੱਤਰ ਅਭੈ (12), ਆਰੀਅਨ ਨਰਾਇਣ (10), ਗੋਇਲ ਕਰਿਆਨਾ ਸਟੋਰ ਦੇ ਮਾਲਕ ਸੌਰਵ ਗੋਇਲ (35), ਉਸ ਦੀ ਪਤਨੀ ਪ੍ਰੀਤੀ (31), ਮਾਂ ਕਮਲੇਸ਼ ਗੋਇਲ (50), ਨਵਨੀਤ ਕੁਮਾਰ (39), ਉਸ ਦੀ ਪਤਨੀ ਨੀਤੂ ਦੇਵੀ (39) ਤੇ ਇੱਕ ਅਣਜਾਣ ਆਦਮੀ ਸ਼ਾਮਿਲ ਹਨ।
ਇਹ ਘਟਨਾ ਇਲਾਕੇ ਦੇ ਗਿਆਸਪੁਰਾ ’ਚ ਐਤਵਾਰ ਸਵੇਰੇ ਵਾਪਰੀ ਹੈ। ਜ਼ਹਿਰੀਲੀ ਗੈਸ ਫੈਲਣ ਕਾਰਨ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਬਹੁਤ ਸਾਰੇ ਲੋਕ ਬਿਮਾਰ ਹੋਏ ਹਨ,ਜਿਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।