ਚੰਡੀਗੜ੍ਹ: ਮੋਹਾਲੀ ‘ਚ ਹੋਏ ਬੰਬ ਧਮਾਕੇ ਨੂੰ ਲੈ ਕੇ ਪੰਜਾਬ ਸਰਕਾਰ ਸਖਤ ਐਕਸ਼ਨ ‘ਚ ਨਜ਼ਰ ਆ ਰਹੀ ਹੈ। ਇਸ ਸਬੰਧੀ ਮੁੱਖ ਮੰਤਰੀ ਮਾਨ ਨੇ ਅੱਜ ਡੀਜੀਪੀ ਸਮੇਤ ਉੱਚ ਅਧਿਕਾਰੀਆਂ ਦੀ ਮੀਟਿੰਗ ਬੁਲਾ ਕੇ ਉਨ੍ਹਾਂ ਤੋਂ ਘਟਨਾ ਦੀ ਰਿਪੋਰਟ ਮੰਗੀ ਹੈ। ਇਸ ਦੇ ਨਾਲ ਹੀ ਇਸ ਮਾਮਲੇ ‘ਤੇ ਸੀਐਮ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸੀ ਐਮ ਮਾਨ ਨੇ ਕਿਹਾ ਕਿ ਮੋਹਾਲੀ ਇੰਟੈਲੀਜੈਂਸ ਦਫਤਰ ‘ਤੇ ਹਮਲਾ ਕਰਨ ਵਾਲਿਆਂ ‘ਚ ਕੁਝ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ ਅਤੇ ਕੁਝ ਦੀ ਸ਼ਾਮ ਤੱਕ ਕੀਤੀ ਜਾਣਗੀਆਂ। ਜਿਨ੍ਹਾਂ ਨੇ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਹੈ, ਉਨ੍ਹਾਂ ਖ਼ਿਲਾਫ਼ ਅਜਿਹੀ ਕਾਰਵਾਈ ਹੋਵੇਗੀ ਕਿ ਉਨ੍ਹਾਂ ਦੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ।
ਜਦੋਂਕਿ ਇਸ ਘਟਨਾ ਦੀ ਜਾਂਚ ਲਈ ਐਸਆਈਟੀ ਵੀ ਬਣਾਈ ਗਈ ਹੈ, ਅੱਜ ਐਨਆਈਏ ਦੀ ਟੀਮ ਵੀ ਮੌਕੇ ਦਾ ਦੌਰਾ ਕਰੇਗੀ। ਦੱਸ ਦਈਏ ਕਿ ਬੀਤੀ ਰਾਤ ਮੋਹਾਲੀ ਦੇ ਸੋਹਾਣਾ ‘ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਬਿਊਰੋ ਦੇ ਹੈੱਡਕੁਆਰਟਰ ‘ਚ ਧਮਾਕਾ ਹੋਇਆ ਸੀ। ਹਮਲਾ ਸੋਮਵਾਰ ਸ਼ਾਮ 7.45 ਵਜੇ ਹੋਇਆ। ਘਟਨਾ ਇੰਨੀ ਭਿਆਨਕ ਸੀ ਕਿ ਪੂਰੀ ਇਮਾਰਤ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਇਸ ਦੇ ਨਾਲ ਹੀ ਇਸ ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਪੰਜਾਬ ਇੰਟੈਲੀਜੈਂਸ ਦਫਤਰ ਦੀ ਤੀਜੀ ਮੰਜ਼ਿਲ ‘ਤੇ ਰਾਕੇਟ ਹਮਲੇ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਰਾਕੇਟ ਨਾਲ ਚੱਲਣ ਵਾਲਾ ਗ੍ਰੇਨੇਡ ਸੁੱਟਿਆ ਗਿਆ। ਧਮਾਕੇ ਤੋਂ ਬਾਅਦ ਨਾਲ ਲੱਗਦੀ ਇਮਾਰਤ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਹਮਲਾ ਆਰ.ਪੀ.ਜੀ. ਤੋਂ ਹੋਇਆ ਹੈ। rpg ਯਾਨੀ ਰਾਕੇਟ ਪ੍ਰੋਪੇਲਡ ਗ੍ਰਨੇਡ। ਤਸਵੀਰ ਵਿੱਚ ਇੱਕ ਟੁੱਟੇ ਹੋਏ ਗ੍ਰੇਨੇਡ ਦੀ ਤਸਵੀਰ ਦੇਖੀ ਜਾ ਸਕਦੀ ਹੈ। ਪਰ ਦੂਜੇ ਪਾਸੇ ਪੰਜਾਬ ਪੁਲਿਸ ਨੇ ਇਸ ਨੂੰ ਅੱਤਵਾਦੀ ਘਟਨਾ ਦੱਸ ਕੇ ਇਨਕਾਰ ਕੀਤਾ ਹੈ।