ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਪੱਖ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਹਲਕਾ ਫਿਲੌਰ ਦੇ ਵੱਖ-ਵੱਖ ਇਲਾਕਿਆਂ ਵਿਚ ਵਿਸ਼ਾਲ ਰੋਡ ਸ਼ੋਅ ਕੱਢਿਆ ‘ਤੇ ਲੋਕਾਂ ਨੂੰ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਤਾਉਣ ਦੀ ਗੱਲ ਕਹੀ ਹੈ।
ਵਿਸ਼ਾਲ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਲੌਰ ਦੇ ਪਿੰਡ ਬੁੰਡਾਲਾ, ਗੁਰਾਇਆ ਅਤੇ ਬੜਾ ਪਿੰਡ ਵਿਚ ਲੋਕਾਂ ਨੂੰ ਅਪੀਲ ਕਰਦੇ ਹੋਏ ਆਖਿਆ ਹੈ ਕਿ ਪੰਜਾਬ ਵਿਚ ਅਸੀਂ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਹਸਪਤਾਲਾਂ ਅਤੇ ਸਕੂਲਾਂ ਦੀ ਹਾਲਤ ਦਾ ਸੁਧਾਰ ਕਰਨਾ ਸ਼ੁਰੂ ਕੀਤਾ ਹੋਇਆ ਹੈ। ਅੱਗੇ ਆਉਣ ਵਾਲੇ 6 ਮਹੀਨਿਆਂ ‘ਚ ਇਸਦੇ ਨਤੀਜੇ ਤੁਹਾਨੂੰ ਨਜ਼ਰ ਆਉਣਗੇ।
CM ਭਗਵੰਤ ਮਾਨ ਨੇ ਜਲੰਧਰ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਖਿਆ ਹੈ ਕਿ ਇਸ ਚੋਣ ਨਾਲ ਭਾਜਪਾ ਅਤੇ ਕਾਂਗਰਸ ਨੂੰ ਐਨਾ ਫਰਕ ਨਹੀਂ ਹੈ, ਪਰ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਜਿੱਤ ਜਾਣ ਨਾਲ ਸਾਡਾ ਸਭ ਦਾ ਹੌਸਲਾ ਵੱਧ ਜਾਵੇਗਾ, ਇਸ ਨਾਲ ਅਸੀਂ ਹੋਰ ਜਿਆਦਾ ਪੰਜਾਬ ਦੇ ਵਿਕਾਸ ਕਾਰਜ ਵਿਚ ਯੋਗਦਾਨ ਦੇ ਸਕਾਂਗੇ।
ਸੀਐਮ ਮਾਨ ਨੇ ਅੱਗੇ ਆਖਿਆ ਕਿ ਚੋਣ ਦੇ ਵੇਲੇ ਅਸੀਂ ਸਭ ਨੂੰ ਭਰੋਸਾ ਦਿੱਤਾ ਸੀ ਕਿ ਤੁਹਾਡੇ ਆਸਪਾਸ ਇਲਾਜ ਵਾਸਤੇ ਸਿਹਤ ਕੇਂਦਰ ਬਣਾ ਦੇਵੇਗਾ। ਸਰਕਾਰ ਦੇ ਆਉਣ ਤੋਂ ਬਾਅਦ ਇਕ ਸਾਲ ਦੇ ਵਿੱਚ ਹੀ ਅਸੀਂ ਪੰਜਾਬ ਵਿਚ 500 ਤੋਂ ਵੱਧ ਮੁਹੱਲਾ ਕਲੀਨਿਕ ਤਿਆਰ ਕਰਵਾ ਦਿੱਤੇ।
ਉਨ੍ਹਾਂ ਨੇ ਦੱਸਿਆ ਹੈ ਕਿ ਅਸੀਂ ਪੰਜਾਬ ਦੇ 28,000 ਤੋਂ ਜਿਆਦਾ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਦਿਤੀਆ ਹਨ। ਪੰਜਾਬ ਦੇ ਨੌਜਵਾਨਾਂ ਅਤੇ ਕਿਸਾਨਾਂ ਦੀ ਭਲਾਈ ਸਾਡੀ ਸਰਕਾਰ ਦਾ ਪਹਿਲਾ ਕੰਮ ਹੈ।
‘ਆਮ ਆਦਮੀ ਪਾਰਟੀ’ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਵਿਸ਼ਾਲ ਰੋਡ ਸ਼ੋਅ ਕਰਨ ਲਈ ਸੀਐਮ ਭਗਵੰਤ ਮਾਨ ਦਾ ਸ਼ੁਕਰੀਆ ਕੀਤਾ ਹੈ।