ਚੰਡੀਗੜ੍ਹ: ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਟੈਂਡਰ ਘੁਟਾਲੇ ਮਾਮਲੇ ਨਾਲ ਜੁੜੀਆਂ ਵੱਡੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਦਰਅਸਲ ਹੁਣ ਇਸ ਘਪਲੇ ਦੀਆਂ ਦੋ ਫਾਈਲਾਂ ਗਾਇਬ ਹੋ ਗਈਆਂ ਹਨ। ਇਨ੍ਹਾਂ ਵਿੱਚੋਂ ਇੱਕ ਫਾਈਲ ਉਹ ਹੈ ਜਿਸ ਵਿੱਚ ਰਾਕੇਸ਼ ਸਿੰਗਲਾ ਨੂੰ ਕੇਂਦਰੀ ਵਿਜੀਲੈਂਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ ਅਤੇ ਦੂਜੀ ਜਿਸ ਵਿੱਚ ਸਿੰਗਲਾ ਨੂੰ ਟੈਂਡਰ ਅਲਾਟਮੈਂਟ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।
ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਵਿਜੀਲੈਂਸ ਟੀਮ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਤੋਂ ਇਨ੍ਹਾਂ ਫਾਈਲਾਂ ਦੀ ਮੰਗ ਕੀਤੀ। ਹਾਲਾਂਕਿ ਇਨ੍ਹਾਂ ਫਾਈਲਾਂ ਦੀ ਇੱਕ ਹਫ਼ਤਾ ਤੱਕ ਖੋਜ ਕੀਤੀ ਗਈ ਪਰ ਖੋਜ ਕਰਨ ਦੇ ਬਾਵਜੂਦ ਵੀ ਇਹ ਨਹੀਂ ਮਿਲੀਆਂ।
ਦੂਜੇ ਪਾਸੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਫਾਈਲਾਂ ਨਾ ਮਿਲਣ ‘ਤੇ ਸਾਰੇ ਕਰਮਚਾਰੀਆਂ ਤੋਂ ਸਰਟੀਫਿਕੇਟ ਲਏ ਜਾ ਰਹੇ ਹਨ ਕਿ ਇਹ ਫਾਈਲਾਂ ਟਰੇਸ ਨਹੀਂ ਹੋ ਸਕਦੀਆਂ। ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੂੰ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਇਸ ਘੁਟਾਲੇ ਦੀ ਜਾਂਚ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਈਡੀ ਨੇ ਵਿਜੀਲੈਂਸ ਵਿਭਾਗ ਨੂੰ ਪੱਤਰ ਲਿਖ ਕੇ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਦਰਜ ਕੇਸ ਦੇ ਵੇਰਵੇ ਮੰਗੇ ਹਨ।