ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਮੈਚ 1 ਮਾਰਚ ਤੋਂ ਇੰਦੌਰ ਵਿੱਚ ਸ਼ੁਰੂ ਹੋਵੇਗਾ। ਭਾਰਤੀ ਟੀਮ 4 ਮੈਚਾਂ ਦੀ ਸੀਰੀਜ਼ ‘ਚ 2-0 ਤੋਂ ਅੱਗੇ ਹੈ| ਇਸ ਜਿੱਤ ਨਾਲ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਵੇਗੀ।
ਹੋਲਕਰ ਸਟੇਡੀਅਮ ਦੇ ਅੰਕੜੇ ਭਾਰਤੀ ਟੀਮ ਦੇ ਹੱਕ ਵਿੱਚ ਹਨ। ਟੀਮ ਇੰਡੀਆ ਨੇ ਇੱਥੇ ਦੋ ਮੈਚ ਖੇਡੇ ਹਨ ਅਤੇ ਦੋਵਾਂ ਵਿੱਚ ਵੱਡੀਆਂ ਜਿੱਤਾਂ ਦਰਜ ਕੀਤੀਆਂ ਹਨ। ਭਾਰਤੀ ਟੀਮ ਨੇ ਇਸ ਮੈਦਾਨ ‘ਤੇ 2016 ‘ਚ ਪਹਿਲਾ ਟੈਸਟ ਖੇਡਿਆ ਸੀ। ਟੀਮ ਇੰਡੀਆ ਨੂੰ ਉਸ ਮੈਚ ਵਿੱਚ 321 ਰਨ ਦੀ ਜਿੱਤ ਮਿਲੀ ਸੀ। ਦੂਜਾ ਟੈਸਟ ਇੱਥੇ 2019 ਵਿੱਚ ਖੇਡਿਆ ਗਿਆ ਸੀ, ਜੋ ਭਾਰਤੀ ਟੀਮ ਨੇ ਇੱਕ ਪਾਰੀ ਅਤੇ 130 ਰਨ ਨਾਲ ਜਿੱਤਿਆ ਸੀ।
ਇਸ ਮੈਦਾਨ ‘ਤੇ ਸਭ ਤੋਂ ਵੱਧ ਸਕੋਰ 557/5 ਹੈ, ਜੋ ਟੀਮ ਇੰਡੀਆ ਬਨਾਮ ਨਿਊਜ਼ੀਲੈਂਡ ਵਿਚਾਲੇ ਹੋਏ ਮੈਚ ਦੌਰਾਨ ਬਣਿਆ ਸੀ। ਇਸ ਦੇ ਨਾਲ ਹੀ ਸਭ ਤੋਂ ਘੱਟ ਸਕੋਰ 150/10 ਰਨ ਹੈ, ਜੋ ਭਾਰਤ ਅਤੇ ਬੰਗਲਾਦੇਸ਼ ਦੇ ਮੈਚ ਵਿੱਚ ਬਣਿਆ ਸੀ। ਭਾਰਤ ਨੇ ਇਸ ਮੈਚ ਦੀ ਦੂਜੀ ਪਾਰੀ ਵਿੱਚ 493 ਰਨ ਬਣਾਏ।
ਕੁਝ ਦਿਨ ਪਹਿਲਾਂ ਹੋਲਕਰ ਸਟੇਡੀਅਮ ‘ਚ ਖੇਡੇ ਗਏ ਰਣਜੀ ਟਰਾਫੀ ਦੇ ਸੈਮੀਫਾਈਨਲ ਦੇ ਸਕੋਰਕਾਰਡ ‘ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇਹ ਮੈਚ ਵੀ ਹਾਈ ਸਕੋਰਿੰਗ ਸੀ। ਬੰਗਾਲ ਨੇ ਮੈਚ ਦੀ ਪਹਿਲੀ ਪਾਰੀ ‘ਚ 438 ਰਨ ਬਣਾਏ ਸਨ |
ਪੈਟ ਕਮਿੰਸ ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਟੈਸਟ ਨਹੀਂ ਖੇਡਣਗੇ। ਉਨ੍ਹਾਂ ਦੀ ਜਗ੍ਹਾ ਸਟੀਵ ਸਮਿਥ ਨੂੰ ਕਮਾਨ ਸੌਂਪੀ ਗਈ ਹੈ। ਟੈਸਟ 1 ਮਾਰਚ ਤੋਂ ਸ਼ੁਰੂ ਹੋਵੇਗਾ। ਕਮਿੰਸ ਦੂਜੇ ਟੈਸਟ ਤੋਂ ਬਾਅਦ ਆਸਟ੍ਰੇਲੀਆ ਪਰਤ ਗਏ ਸਨ। ਬਾਰਡਰ-ਗਾਵਸਕਰ ਸੀਰੀਜ਼ ‘ਚ 4 ਟੈਸਟ ਮੈਚ ਖੇਡੇ ਜਾਣੇ ਹਨ। ਆਸਟ੍ਰੇਲੀਆ ਨੇ 2 ਟੈਸਟ ਹਾਰੇ ਹਨ। ਹੁਣ ਇਹ ਟਰਾਫੀ ਭਾਰਤ ਕੋਲ ਹੀ ਰਹੇਗੀ ਕਿਉਂਕਿ ਉਸ ਨੇ ਪਿਛਲੀ ਸੀਰੀਜ਼ ‘ਚ ਆਸਟ੍ਰੇਲੀਆ ਖਿਲਾਫ ਜਿੱਤ ਹਾਸਿਲ ਕੀਤੀ ਸੀ।