ਭਗਵਾਨ ਵਿਸ਼ਵਕਰਮਾ ਜੀ ਦੀ ਪੂਜਾ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ ਉਨ੍ਹਾਂ ਨੂੰ ਦੁਨੀਆ ਦਾ ਪਹਿਲਾ ਇੰਜੀਨੀਅਰ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਹਰ ਸਾਲ ਘਰ ‘ਚ ਰੱਖੇ ਲੋਹੇ ਅਤੇ ਮਸ਼ੀਨਾਂ ਦੀ ਪੂਜਾ ਕਰਦੇ ਹੋ ਤਾਂ ਉਹ ਜਲਦੀ ਖਰਾਬ ਨਹੀਂ ਹੁੰਦੇ। ਇਸ ਦੇ ਨਾਲ ਹੀ ਕਾਰੋਬਾਰ ਦਾ ਵਿਸਥਾਰ ਹੁੰਦਾ ਹੈ। ਮਸ਼ੀਨਾਂ ਚੰਗੀ ਤਰ੍ਹਾਂ ਚਲਦੀਆਂ ਹਨ ਕਿਉਂਕਿ ਪ੍ਰਮਾਤਮਾ ਉਨ੍ਹਾਂ ‘ਤੇ ਆਪਣੀ ਕਿਰਪਾ ਰੱਖਦਾ ਹੈ। ਪੂਜਾ ਨਾਲ ਵਪਾਰ ਵਧਦਾ ਹੈ। ਵਿਸ਼ਵਕਰਮਾ ਦਿਵਸ ਭਾਰਤ ਦੇ ਕਈ ਹਿੱਸਿਆਂ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਜਾਣੋ ਕੀ ਹੈ ਮਹੱਤਵ
ਦਰਅਸਲ, ਭਗਵਾਨ ਵਿਸ਼ਵਕਰਮਾ ਦੀ ਹਥਿਆਰਾਂ, ਔਜ਼ਾਰਾਂ, ਮਸ਼ੀਨਾਂ ਆਦਿ ਦੀ ਬਣਤਰ ਕਲਾ ਵਿਚ ਵੱਡੀ ਦੇਣ ਹੈ। ਵੱਡੇ-ਵੱਡੇ ਡੈਮ, ਵੱਡੀਆਂ-ਵੱਡੀਆਂ ਮਿੱਲਾਂ, ਆਸਮਾਨ ਨੂੰ ਛੂੰਹਦੀਆਂ ਇਮਾਰਤਾਂ, ਰੇਲਵੇ ਲਾਈਨਾਂ ਦੇ ਵਿਛੇ ਜਾਲ, ਪਹਾੜਾਂ ਵਿਚ ਸੁਰੰਗਾਂ ਆਦਿ ਸਭ ਦੀ ਉਸਾਰੀ ਵਿਚ ਵਰਤੇ ਜਾਣ ਵਾਲੇ ਔਜ਼ਾਰ ਅਤੇ ਮਸ਼ੀਨਰੀ ਬਾਬਾ ਵਿਸ਼ਵਕਰਮਾ ਜੀ ਦੀ ਦਸਤਕਾਰੀ ਦੀ ਕਲਾ ਦੀ ਦੇਣ ਹਨ। ਪ੍ਰਾਚੀਨ ਧਾਰਮਿਕ ਗ੍ਰੰਥ, ਰਿਗਵੇਦ ਵਿਚ ਵੀ ਬਾਬਾ ਵਿਸ਼ਵਕਰਮਾ ਦਾ ਜ਼ਿਕਰ ਮਿਲਦਾ ਹੈ। ਇੱਕ ਉਪ-ਵੇਦ ਜਿਸ ਵਿਚ ਦਸਤਕਾਰੀ ਦੀ ਕਲਾ ਦੇ ਹੁਨਰਾਂ ਦਾ ਵਰਨਣ ਮਿਲਦਾ ਹੈ, ਉਹ ਵਿਸ਼ਵਕਰਮਾ ਜੀ ਦੀ ਮਹਾਨ ਰਚਨਾ ਹੈ। ਪੁਰਾਣੇ ਮਹਾਭਾਰਤ ਦੇ ਖਿਲ ਭਾਗ ਸਾਰੇ ਵਿਸ਼ਵਕਰਮਾ ਨੂੰ ਆਦਿ ਵਿਸ਼ਵਕਰਮਾ ਮੰਨਦੇ ਹਨ। ਵਿਸ਼ਵਕਰਮਾ ਦਿਵਸ, ਜੋ ਬਾਬਾ ਜੀ ਨੂੰ ਸਮਰਪਿਤ ਹੈ, ਦੇ ਸ਼ੁੱਭ ਅਵਸਰ ਉੱਤੇ ਹਰ ਰਾਜ ਮਿਸਤਰੀ, ਤਰਖ਼ਾਣ, ਔਜ਼ਾਰਾਂ ਦੇ ਨਿਰਮਾਤਾ ਅਤੇ ਹਰ ਪ੍ਰਕਾਰ ਦੀ ਵਰਕਸ਼ਾਪ ਮਸ਼ੀਨਰੀ ਦੀ ਵਰਤੋਂ ਕਰਨ ਵਾਲੇ ਸਭ ਵਿਸ਼ਵਕਰਮਾ ਜੀ ਦੀ ਕਿਰਤ ਦੇ ਦੇਵਤੇ ਦੇ ਰੂਪ ਵਿਚ ਪੂਜਾ ਕਰਦੇ ਹਨ।