ਹਰਾਰੇ: ਬੰਗਲਾਦੇਸ਼ ਨੇ ਮੋਸਾਦੇਕ ਹੁਸੈਨ ਦੇ ਪੰਜ ਵਿਕਟਾਂ ਅਤੇ ਲਿਟਨ ਦਾਸ ਦੇ ਅਰਧ ਸੈਂਕੜੇ ਦੀ ਮਦਦ ਨਾਲ ਦੂਜੇ ਟੀ-20 ਕੌਮਾਂਤਰੀ ਮੈਚ ਵਿੱਚ ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਪਰ ਇਸ ਤੋਂ ਪਹਿਲਾਂ ਨਵੇਂ ਕਪਤਾਨ ਨੂਰੁਲ ਹਸਨ ਨੂੰ ਉਗਲੀ ਤੇ ਸੱਟ ਲੱਗਣ ਕਾਰਨ ਇਕ ਮਹੀਨੇ ਲਈ ਖੇਡ ਤੋਂ ਬਾਹਰ ਹੋਣਾ ਪਿਆ।
ਮੋਸਾਡੇਕ ਨੇ 20 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ, ਜਿਸ ਨਾਲ ਜ਼ਿੰਬਾਬਵੇ ਦੀ ਟੀਮ ਨੇ 8 ਵਿਕਟਾਂ ‘ਤੇ 135 ਦੌੜਾਂ ਬਣਾਈਆਂ। ਉਸ ਦੀ ਟੀਮ ਦੇ ਸਿਰਫ ਤਿੰਨ ਬੱਲੇਬਾਜ਼ ਹੀ ਦੋਹਰੇ ਅੰਕ ਤੱਕ ਪਹੁੰਚ ਸਕੇ। ਇਸ ਵਿੱਚ ਸਿਕੰਦਰ ਰਜ਼ਾ ਨੇ 62 ਅਤੇ ਰਿਆਨ ਬਾਰੀ ਨੇ 32 ਦੌੜਾਂ ਦਾ ਯੋਗਦਾਨ ਪਾਇਆ।
ਬੰਗਲਾਦੇਸ਼ ਨੇ 17.3 ਓਵਰਾਂ ‘ਚ ਤਿੰਨ ਵਿਕਟਾਂ ‘ਤੇ 136 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਲਿਟਨ ਦਾਸ ਨੇ 56 ਦੌੜਾਂ ਬਣਾਈਆਂ ਜਦਕਿ ਆਫੀਫ ਹੁਸੈਨ (ਅਜੇਤੂ 30) ਅਤੇ ਨਜਮੁਲ ਸ਼ਾਂਤੋ (ਅਜੇਤੂ 19) ਨੇ 55 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਕੇ ਟੀਮ ਨੂੰ ਟੀਚੇ ਤੱਕ ਪਹੁੰਚਾਇਆ। ਤੀਜਾ ਅਤੇ ਆਖਰੀ ਟੀ-20 ਮੈਚ ਮੰਗਲਵਾਰ ਨੂੰ ਹਰਾਰੇ ‘ਚ ਖੇਡਿਆ ਜਾਵੇਗਾ।