ਅੰਮ੍ਰਿਤਸਰ :(ਨੇਹਾ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨਾਲ ਸਕੱਤਰੇਤ ਵਿਖੇ ਨਿਹੰਗ ਸਿੰਘਾਂ ਦੀ ਮੁੱਖ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਪੰਥਕ ਵਿਚਾਰਾਂ ਕੀਤੀਆਂ। ਬਾਬਾ ਬਲਬੀਰ ਸਿੰਘ ਨੇ ਜਥੇਦਾਰਾਂ ਨਾਲ ਧਾਰਮਿਕ-ਰਾਜਸੀ, ਸਮਾਜਕ ਪੱਧਰ ਤੇ ਮੌਜੂਦਾ ਹਾਲਾਤ ਦੇ ਨਵੇਂ ਬਣੇ ਸਮੀਕਰਨਾਂ ਸਬੰਧੀ ਵਿਚਾਰ ਵਟਾਦਰਾਂ ਕੀਤਾ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸਮੁੱਚੇ ਦੇਸ਼ ਅੰਦਰ ਰਾਜਸੀ ਰੱਦੋ ਬਦਲ ਹੋ ਰਿਹਾ ਹੈ। ਦੇਸ਼ ਦੀ ਨਵੀਂ ਬਣ ਰਹੀ ਸਰਕਾਰ ਦੀਆਂ ਨਵੀਆਂ ਜ਼ਿੰਮੇਵਾਰੀਆਂ ਅਤੇ ਉਸ ਦੇ ਸਨਮੁੱਖ ਨਵੀਆਂ ਚੁਣੌਤੀਆਂ ਹਨ, ਜਨਤਾ ਸੁਖੀ ਜੀਵਨ ਬਤੀਤ ਕਰਨਾ ਚਾਹੁੰਦੀ ਹੈ। ਰਾਜਸੀ ਆਗੂਆਂ ਨੂੰ ਧਰਮ ਦੀ ਕਮਾਨ ਹੇਠ ਰਹਿ ਕੇ ਸਮਾਜ ਦੀ ਅਗਵਾਈ ਕਰਨੀ ਚਾਹੀਦੀ ਹੈ। ਦੇਸ਼ ਵਿਚ ਰਾਜਸੀ ਆਗੂ ਜਿਸ ਤਰ੍ਹਾਂ ਦਾ ਜਬਰੀ ਮਾਹੌਲ ਸਿਰਜਦੇ ਹਨ, ਉਸ ਨਾਲ ਜਨਤਾ ਘੁਟਣ ਤੇ ਬੇਵੱਸੀ ਮਹਿਸੂਸ ਕਰਦੀ ਹੈ। ਭਾਰਤ ਸਰਕਾਰ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਮਾਡਲ ਅਪਨਾਉਣ ਦੀ ਲੋੜ ਹੈ।
ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨ ਵਰਗ ਦੀਆਂ ਮੰਗਾਂ ਤੇ ਸਿੱਖਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਸਰਕਾਰ ਦੇ ਪਹਿਲੇ ਕਾਰਜ ਹੋਣੇ ਚਾਹੀਦੇ ਹਨ। ਪੰਜਾਬ ਪ੍ਰਤੀ ਵਿਤਕਰਾ ਨਹੀਂ ਸਗੋਂ ਉਨਤ ਭਰਿਆ ਵਤੀਰਾ ਅਪਨਾਉਣ ਦੀ ਲੋੜ ਹੈ। ਇਸ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਨੂੰ ਸਿਰਪਾਓ ਤੇ ਸ੍ਰੀ ਸਾਹਿਬ ਨਾਲ ਸਨਮਾਨਿਤ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਰੋਡੇ, ਹਰਦੇਵ ਸਿੰਘ, ਬਾਬਾ ਰਣਜੋਧ ਸਿੰਘ, ਬਾਬਾ ਸੁਖਦੇਵ ਸਿੰਘ ਸਮਾਣਾ, ਭਗਵਾਨ ਸਿੰਘ ਆਦਿ ਹਾਜ਼ਰ ਸਨ।