ਬੰਬੇ ਹਾਈ ਕੋਰਟ ਤੋਂ ਸਲਮਾਨ ਖਾਨ ਨੂੰ ਹੁਣ ਰਾਹਤ ਮਿਲ ਚੁੱਕੀ ਹੈ। ਸਲਮਾਨ ਖਾਨ ਦੇ ਵਿਰੁੱਧ ਦਰਜ਼ ਕੇਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ। ਸਲਮਾਨ ਖਾਨ ਨੂੰ 2019 ਵਿੱਚ, ਅੰਧੇਰੀ ਅਦਾਲਤ ਵੱਲੋ ਪੱਤਰਕਾਰ ਨਾਲ ਦੁਰਵਿਵਹਾਰ ਦੇ ਦੋਸ਼ਾਂ ਵਿੱਚ ਸੰਮਨ ਦਿੱਤਾ ਗਿਆ ਸੀ।
ਜਾਣਕਾਰੀ ਦੇ ਅਨੁਸਾਰ ਸਾਲ 2019 ‘ਚ ਇਕ ਪੱਤਰਕਾਰ ਅਸ਼ੋਕ ਪਾਂਡੇ ਨੇ ਸਲਮਾਨ ਖਾਨ ਅਤੇ ਉਨ੍ਹਾਂ ਦੇ ਬਾਡੀਗਾਰਡ ਨਵਾਜ਼ ਸ਼ੇਖ ‘ਤੇ ਕੁੱਟਮਾਰ ਅਤੇ ਬਦਸਲੂਕੀ ਦਾ ਇਲਜ਼ਾਮ ਲਗਾਇਆ ਸੀ। ਪੱਤਰਕਾਰ ਨੇ ਬਾਅਦ ਵਿੱਚ ਇਸ ਬਾਰੇ ਅੰਧੇਰੀ ਕੋਰਟ ਕੋਲ ਮਾਮਲਾ ਦਰਜ ਕਰਵਾਇਆ ਸੀ।
ਸਾਰੀ ਘਟਨਾ ਚਾਰ ਸਾਲ ਪੁਰਾਣੀ ਦੱਸੀ ਜਾ ਰਹੀ ਹੈ। ਇਹ ਘਟਨਾ 24 ਅਪ੍ਰੈਲ 2019 ਦੀ ਹੈ। ਪੱਤਰਕਾਰ ਅਸ਼ੋਕ ਪਾਂਡੇ ਸਲਮਾਨ ਖਾਨ ਨਾਲ ਫੋਟੋ ਖਿਚਣ ਲੱਗਾ ਸੀ। ਫਿਰ ਸਲਮਾਨ ਖਾਨ ਦੇ ਬਾਡੀਗਾਰਡ ਨੇ ਪੱਤਰਕਾਰ ਤੋਂ ਉਸ ਦਾ ਫੋਨ ਖਿੱਚ ਲਿਆ ਅਤੇ ਉਸ ਨਾਲ ਕੁੱਟਮਾਰ ਕੀਤੀ। ਪੱਤਰਕਾਰ ਨੇ ਇਹ ਵੀ ਇਲਜ਼ਾਮ ਲੈ ਦਿੱਤਾ ਸੀ ਕਿ ਸਲਮਾਨ ਖਾਨ ਨੇ ਵੀ ਉਸ ਨੂੰ ਧਮਕੀ ਦਿੱਤੀ ਸੀ। ਪੁਲਿਸ ਨੇ ਪੱਤਰਕਾਰ ਦਾ ਕੇਸ ਦਰਜ਼ ਨਹੀਂ ਕੀਤਾ, ਜਿਸ ਤੋਂ ਬਾਅਦ ਪੱਤਰਕਾਰ ਕੋਰਟ ਤੱਕ ਪਹੁੰਚਿਆ|
ਪੱਤਰਕਾਰ ਅਸ਼ੋਕ ਪਾਂਡੇ ਨੇ ਅੰਧੇਰੀ ਦੇ ਕੋਰਟ ‘ਚ ਸਲਮਾਨ ਖ਼ਾਨ ਵਿਰੁੱਧ ਕੇਸ ਦਰਜ ਕਰਵਾਇਆ ਸੀ। ਇਸ ਮਾਮਲੇ ਦੇ ਤਹਿਤ, ਅਦਾਕਾਰ ਦੇ ਵਿਰੁੱਧ ਆਈਪੀਸੀ ਦੀ ਧਾਰਾ 323 ਅਤੇ 506 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਦੀ ਸੁਣਵਾਈ ਕਰਦੇ ਹੋਏ ਅੱਜ ਬੰਬੇ ਹਾਈ ਕੋਰਟ ਨੇ ਪੱਤਰਕਾਰ ਵੱਲੋਂ ਸਲਮਾਨ ਖਾਨ ’ਤੇ ਲਗਾਏ ਗਏ ਸਾਰੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਹੈ।