ਨਵਾਂ ਸ਼ਹਿਰ (ਰਾਘਵ): ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਸਿਆਸਤਦਾਨਾਂ ਵਲੋਂ ਚੋਣ ਪ੍ਰਚਾਰ ਵੀ ਤੇਜ਼ ਕਰ ਦਿੱਤਾ ਗਿਆ ਹੈ। ਉਥੇ ਹੀ ਵੱਡੇ ਪਾਰਟੀ ਆਗੂ ਵੀ ਆਪਣੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਸਮਰਥਨ ਦੇਣ ਲਈ ਪਹੁੰਚ ਰਹੇ ਹਨ। ਜਿਥੇ ਬੀਤੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਟਿਆਲਾ ਵਿਖੇ ਮਹਾਰਾਣੀ ਪ੍ਰਨੀਤ ਕੌਰ ਭਾਜਪਾ ਉਮੀਦਵਾਰ ਨੂੰ ਸਮਰਥਨ ਦੇਣ ਪਹੁੰਚੇ ਸਨ ਉਥੇ ਹੀ ਅੱਜ ਬਸਪਾ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਵੀ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਉਮੀਦਵਾਰਾਂ ਦਾ ਸਮਰਥਨ ਕਰਨ ਲਈ ਪੰਜਾਬ ਆ ਰਹੇ ਹਨ। ਜੋ ਕਿ ਨਵਾਂ ਸ਼ਹਿਰ ਵਿਖੇ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ।
ਬਸਪਾ ਸੁਪਰੀਮੋ ਮਾਇਆਵਤੀ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਮਾਇਆਵਤੀ ਦੁਪਹਿਰ 12 ਵਜੇ ਨਵਾਂਸ਼ਹਿਰ ਦੇ ਬੱਗਾ ਰੋਡ ‘ਤੇ ਮਹਾਲੋਂ ਮੈਦਾਨ ‘ਚ ਚੋਣ ਸਭਾ ‘ਚ ਪਹੁੰਚਣਗੇ। ਉਨ੍ਹਾਂ ਦੀ ਰੈਲੀ ਲਈ ਪਾਰਟੀ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ। ਕਿਸੇ ਵੀ ਪੱਧਰ ‘ਤੇ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।
ਦੱਸ ਦੇਈਏ ਕਿ ਕੁਮਾਰੀ ਮਾਇਆਵਤੀ 24 ਮਈ ਨੂੰ ਨਵਾਂ ਸ਼ਹਿਰ ’ਚ 6ਵੀਂ ਵਾਰ ਆ ਰਹੇ ਹਨ। ਇਸ ਤੋਂ ਪਹਿਲਾਂ ਉਹ ਸਾਲ 2014 ਤੇ 2019 ਦੀਆਂ ਲੋਕ ਸਭਾ ਅਤੇ ਸਾਲ 2012, 2016, 2022 ਦੀਆਂ ਵਿਧਾਨ ਸਭਾ ਚੋਣਾਂ ’ਚ ਨਵਾਂ ਸ਼ਹਿਰ ਵਿਚ ਰੈਲੀਆਂ ਨੂੰ ਸੰਬੋਧਨ ਕਰ ਚੁੱਕੇ ਹਨ। ਉਨ੍ਹਾਂ ਦੀ ਆਮਦ ਸਬੰਧੀ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਚੁੱਕੀਆਂ ਹਨ। ਆਨੰਦਪੁਰ ਸਾਹਿਬ ਤੋਂ ਉਮੀਦਵਾਰ ਅਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਤੇ ਹਲਕਾ ਵਿਧਾਇਕ ਨਛੱਤਰ ਪਾਲ ਨੇ ਕਿਹਾ ਕਿ ਸੂਬੇ ਦੇ ਪਾਰਟੀ ਵਰਕਰਾਂ ਅੰਦਰ ਭਾਰੀ ਉਤਸ਼ਾਹ ਹੈ ਜਿਸ ਕਾਰਨ ਇਹ ਰੈਲੀ ਪੰਜਾਬ ਦੀ ਸਿਆਸੀ ਫਿਜ਼ਾ ਬਦਲਣ ਦਾ ਪ੍ਰਤੀਕ ਵੀ ਸਾਬਤ ਕਰੇਗੀ।