ਡੇਰਾਬੱਸੀ: ਪੰਜਾਬ ਨੂੰ ਹਰਿਆਣਾ ਨਾਲ ਜੋੜਨ ਵਾਲੀ ਬਰਵਾਲਾ ਸੜਕ ਦੀ ਖਸਤਾ ਹਾਲਤ ਦਾ ਸਭ ਤੋਂ ਵੱਡਾ ਕਾਰਨ ਓਵਰਲੋਡ ਵਾਹਨ ਹਨ। ਓਵਰਲੋਡ ਵਾਹਨ ਸੜਕਾਂ ਦੇ ਦੁਸ਼ਮਣ ਹਨ, ਜੋ ਸੜਕਾਂ ਦੀ ਹਾਲਤ ਵਿਗਾੜਨ ਲਈ ਜ਼ਿੰਮੇਵਾਰ ਹਨ। ਹਰਿਆਣਾ ਤੋਂ ਪੰਜਾਬ ਵੱਲ ਆਉਣ ਵਾਲੇ ਓਵਰਲੋਡ ਵਾਹਨਾਂ ਕਾਰਨ ਬਰਵਾਲਾ ਰੋਡ ਦੀ ਹਾਲਤ ਖ਼ਰਾਬ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਡੇਰਾਬੱਸੀ ਤੋਂ ਬਰਵਾਲਾ ਤੱਕ 70 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ‘ਤੇ ਪੈਚ ਵਰਕ ਸ਼ੁਰੂ ਕਰਵਾਉਣ ਮੌਕੇ ਕੀਤਾ | ਪੰਜਾਬ ਨੂੰ ਹਰਿਆਣਾ ਨਾਲ ਜੋੜਨ ਵਾਲੀ ਬਰਵਾਲਾ ਸੜਕ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਸ ਸੜਕ ‘ਤੇ ਹਾਦਸੇ ਵਾਪਰਦੇ ਰਹਿੰਦੇ ਹਨ, ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਸੜਕ ਦੀ ਹਾਲਤ ਵਿੱਚ ਸੁਧਾਰ ਹੋਣ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਓਵਰਲੋਡ ਵਾਹਨਾਂ ਨੂੰ ਮੌਕੇ ਤੋਂ ਜਾਂਦੇ ਦੇਖ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਖੁਦ ਵਾਹਨਾਂ ਨੂੰ ਰੋਕ ਲਿਆ ਅਤੇ ਮੌਕੇ ‘ਤੇ ਮੌਜੂਦ ਐੱਸ.ਡੀ.ਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੂੰ ਉਕਤ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਕਰਨ ਲਈ ਕਿਹਾ। ਜਦੋਂ ਐਸਡੀਐਮ ਨੇ 4 ਵਾਹਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ 2 ਵਾਹਨ ਓਵਰਲੋਡ ਸਨ ਅਤੇ 2 ਕੋਲ ਪੂਰੇ ਦਸਤਾਵੇਜ਼ ਨਹੀਂ ਸਨ। ਇਸ ’ਤੇ ਕਾਰਵਾਈ ਕਰਦਿਆਂ ਉਸ ਨੇ ਦੋ ਵਾਹਨਾਂ ਨੂੰ ਰੋਕ ਕੇ ਦੋ ਚਲਾਨ ਕੀਤੇ। ਐਸਡੀਐਮ ਨੇ ਦੱਸਿਆ ਕਿ ਚਾਰ ਵਾਹਨਾਂ ਤੋਂ ਇੱਕ ਲੱਖ ਰੁਪਏ ਜੁਰਮਾਨਾ ਵਸੂਲਿਆ ਜਾਵੇਗਾ।