ਬਠਿੰਡਾ ਦੇ ਮਿਲਟਰੀ ਸਟੇਸ਼ਨ ‘ਤੇ ਫੌਜ ਦੇ 4 ਜਵਾਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਹਮਲਾਵਰਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ । ਪੁਲਿਸ ਹਮਲਾਵਰਾਂ ਦਾ ਪਤਾ ਕਰਨ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਚ ਲੱਗੀ ਹੋਈ ਹੈ। ਇਸ ਘਟਨਾ ਦੇ 24 ਘੰਟੇ ਪੂਰੇ ਹੋਣ ਤੋਂ ਬਾਅਦ ਵੀ ਮਿਲਟਰੀ ਸਟੇਸ਼ਨ ਵਿੱਚ ਰੈੱਡ ਅਲਰਟ ਚੱਲ ਰਿਹਾ ਹੈ। ਕੈਂਟ ‘ਚ ਸਕੂਲ ਵੀ ਬੰਦ ਕੀਤੇ ਗਏ ਹਨ।
ਇਸ ਘਟਨਾ ਵਿੱਚ ਮਾਰੇ ਗਏ ਚਾਰਾਂ ਜਵਾਨਾਂ ਦੀਆ ਲਾਸ਼ਾਂ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰ ਦਿੱਤਾ ਗਿਆ ਹੈ । ਇਸ ਤੋਂ ਬਾਅਦ ਜਵਾਨਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਿੰਡ ਭੇਜੀਆਂ ਜਾਣਗੀਆਂ। ਇਸ ਦੌਰਾਨ ਫੌਜ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਵੀ ਚੱਲ ਰਹੀ ਹੈ। ਅਧਿਕਾਰੀਆਂ ਦੇ ਅਨੁਸਾਰ ਬੰਦੂਕਧਾਰੀ ਨੇ ਫੌਜੀ ਵਰਦੀ ਨਹੀਂ ਪਾਈ ਸੀ, ਉਹ ਸਾਦੇ ਕੱਪੜਿਆਂ ‘ਚ ਸੀ । 80 ਮੀਡੀਅਮ ਰੈਜੀਮੈਂਟ ਦੇ ਇਹ ਸਿਪਾਹੀ ਅਫਸਰਾਂ ਦੀ ਮੇਸ ਵਿੱਚ ਗਾਰਡ ਡਿਊਟੀ ’ਤੇ ਸੀ।
ਮੁਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਜਵਾਨਾਂ ਨੂੰ ਇੰਸਾਸ ਰਾਈਫਲ ਨਾਲ ਗੋਲੀਆਂ ਮਾਰੀਆਂ ਗਈਆਂ ਸੀ। ਪੁਲਿਸ ਨੂੰ ਮੌਕੇ ਤੇ 19 ਖਾਲੀ ਖੋਲ ਮਿਲੇ ਹਨ। ਗੋਲੀ ਚਲਾਉਣ ਵਾਲੇ ਦੋ ਵਿਅਕਤੀਆਂ ਨੇ ਚਿੱਟਾ ਕੁੜਤਾ-ਪਜਾਮਾ ਪਾਇਆ ਹੋਇਆ ਸੀ ‘ਤੇ ਮੂੰਹ ਵੀ ਕੱਪੜੇ ਨਾਲ ਢੱਕਿਆ ਹੋਇਆ ਸੀ। ਜਾਣਕਾਰੀ ਦੇ ਅਨੁਸਾਰ ਇਸ ਘਟਨਾ ਤੋਂ ਦੋ ਦਿਨ ਪਹਿਲਾਂ ਯੂਨਿਟ ਦੇ ਗਾਰਡ ਰੂਮ ਤੋਂ ਇੰਸਾਸ ਰਾਈਫਲ ਅਤੇ ਗੋਲੀਆਂ ਗਾਇਬ ਸੀ। ਪੁਲਿਸ ਅਤੇ ਫੌਜ ਨੂੰ ਲੱਗਦਾ ਹੈ ਕਿ ਘਟਨਾ ਵਿੱਚ ਇਨ੍ਹਾਂ ਰਾਈਫਲ ਦੀ ਹੀ ਵਰਤੋਂ ਕੀਤੀ ਗਈ ਹੈ।
ਪੁਲਿਸ ਅਤੇ ਫੌਜ ਦੀ ਟੀਮ ਨੇ ਰਾਈਫਲ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਹੋਇਆ ਹੈ। ਜਿਸ ਤੋਂ ਪਤਾ ਲੱਗ ਜਾਵੇਗਾ ਕਿ ਇਹ ਘਟਨਾ ਇਸ ਰਾਈਫਲ ਨਾਲ ਹੋਈ ਸੀ ਜਾਂ ਨਹੀਂ। ਜਿਨ੍ਹਾਂ ਨੇ ਗੋਲੀਬਾਰੀ ਕੀਤੀ ਸੀ ਉਹ ਆਮ ਨਾਗਰਿਕ ਹਨ ਜਾਂ ਫੌਜ ਦੇ ਜਵਾਨ, ਇਸ ਦੀ ਵੀ ਜਾਂਚ ਹੋ ਰਹੀ ਹੈ। ਅੰਦਰ ਲੱਗੇ ਹੋਏ ਸੀਸੀਟੀਵੀ ਕੈਮਰੇ ਦੀ ਵੀ ਜਾਂਚ ਹੋ ਰਹੀ ਹੈ।