ਬਠਿੰਡਾ ਵਿੱਚ ਪੂਰੇ ਪਰਿਵਾਰ ਨੇ ਥਰਮਲ ਪਲਾਂਟ ਝੀਲ ਵਿੱਚ ਛਾਲ ਮਾਰ ਦਿੱਤੀ। ਜਿਸ ‘ਚ ਦੋ ਦੀ ਮੌਤ ਹੋ ਚੁੱਕੀ ਹੈ , ਜਦਕਿ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਿਵਲ ਹਸਪਤਾਲ ਵਿੱਚ ਇਲਾਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਪੂਰੇ ਪਰਿਵਾਰ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਇਹ ਖੌਫਨਾਕ ਕਦਮ ਚੁੱਕਿਆ ਹੈ।
ਸੂਚਨਾ ਦੇ ਅਨੁਸਾਰ ਸ਼ੁੱਕਰਵਾਰ ਸਵੇਰੇ ਤਿੰਨ ਲੋਕਾਂ ਨੇ ਝੀਲ ‘ਚ ਛਾਲ ਮਾਰ ਦਿੱਤੀ ਸੀ । ਲੋਕਾਂ ਨੇ ਦੇਖ ਕੇ ਤੁਰੰਤ ਉਨ੍ਹਾਂ ਨੂੰ ਬਾਹਰ ਕੱਢਿਆ। ਜਾਣਕਾਰੀ ਮਿਲਣ ਤੇ ਪੁਲਿਸ ਮੌਕੇ ‘ਤੇ ਪਹੁੰਚ ਚੁੱਕੀ ਹੈ। ਸਾਰਿਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮਾਂ-ਪੁੱਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ, ਜਦੋਂਕਿ ਪਿਤਾ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਾਰਨ ਵਾਲਿਆਂ ਦੀ ਪਛਾਣ ਕੈਲਾਸ਼ ਰਾਣੀ ਅਤੇ ਪਬਨਿਸ਼ ਕੁਮਾਰ ਵਜੋਂ ਕੀਤੀ ਗਈ ਹੈ, ਜਦਕਿ ਸੁਰਿੰਦਰ ਗੰਭੀਰ ਜ਼ਖਮੀ ਹਨ।
ਉਨ੍ਹਾਂ ਦੇ ਦੋਸਤ ਪ੍ਰਵੀਨ ਨੇ ਦੱਸਿਆ ਹੈ ਕਿ ਉਸ ਨੂੰ ਸੁਰਿੰਦਰ ਦਾ ਫੋਨ ਆਇਆ ਸੀ। ਉਸ ਨੇ ਅਲਵਿਦਾ ਕਹਿ ਕੇ ਕਾਲ ਕੱਟ ਦਿੱਤੀ ਸੀ । ਉਹ ਕੁਝ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ। ਉਹ ਪ੍ਰਿੰਟਿੰਗ ਪ੍ਰੈਸ ਵਿੱਚ ਕੰਮ ਕਰਦਾ ਸੀ। ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਸਹੀ ਨਹੀਂ ਸੀ।
ਪੁਲਿਸ ਨੇ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਦੇ ਅਨੁਸਾਰ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਪੂਰੇ ਪਰਿਵਾਰ ਨੇ ਇਹ ਖ਼ੌਫਨਾਕ ਕਦਮ ਕਿਉਂ ਚੁੱਕਿਆ। ਪੁਲਿਸ ਵੱਲੋ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |