ਫ਼ਰੀਦਕੋਟ (ਰਾਘਵ): ਫ਼ਰੀਦਕੋਟ ਲੋਕ ਸਭਾ ਸੀਟ ਅਧੀਨ ਆਉਂਦੇ 5 ਵਿਧਾਨ ਸਭਾ ਹਲਕਿਆਂ ਦੀਆਂ ਈਵੀਐੱਮਜ਼ ਅੱਜ ਦੁਪਹਿਰ ਤੱਕ ਵੀ ਸਟਰਾਂਗ ਰੂਮ ਵਿੱਚ ਸੀਲ ਨਾ ਹੋਣ ਕਰਕੇ ਉਮੀਦਵਾਰਾਂ ਨੇ ਚੋਣ ਅਧਿਕਾਰੀਆਂ ਕੋਲ ਸਖ਼ਤ ਇਤਰਾਜ਼ ਜਤਾਇਆ ਹੈ।
ਜਾਣਕਾਰੀ ਅਨੁਸਾਰ ਇੱਕ ਟਰੱਕ ਵਿੱਚ 5 ਵਿਧਾਨ ਸਭਾ ਹਲਕਿਆਂ ਦੀਆਂ ਈਵੀਐੱਮਜ਼ ਫਰੀਦਕੋਟ ਦੇ ਬਰਜਿੰਦਰਾ ਕਾਲਜ ਵਿੱਚ ਲਿਆਂਦੀਆਂ ਗਈਆਂ ਹਨ ਜਿੱਥੇ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਵਿਧਾਨ ਸਭਾ ਹਲਕਿਆਂ ਦੀਆਂ ਈਵੀਐੱਮਜ਼ ਸਟਰਾਂਗ ਰੂਮ ਵਿੱਚ ਬੰਦ ਹੋ ਕੇ ਬਕਾਇਦਾ ਤੌਰ ’ਤੇ ਸੀਲ ਹੋਣੀਆਂ ਲਾਜ਼ਮੀ ਸਨ, ਪਰ ਪੂਰੀ ਰਾਤ ਇਹ ਈਵੀਐੱਮਜ਼ ਸਟਰਾਂਗ ਰੂਮ ਵਿੱਚ ਨਹੀਂ ਪੁੱਜੀਆਂ। ਇਸ ਤੋਂ ਬਾਅਦ ਕੁਝ ਉਮੀਦਵਾਰਾਂ ਨੇ ਪ੍ਰਸ਼ਾਸਨ ਕੋਲ ਇਤਰਾਜ਼ ਜਤਾਇਆ ਹੈ।
ਇਸ ਵਿਵਾਦ ਤੋਂ ਬਾਅਦ ਸਮੁੱਚਾ ਪ੍ਰਸ਼ਾਸਨਿਕ ਅਮਲਾ ਬਰਜਿੰਦਰਾ ਕਾਲਜ ਪਹੁੰਚ ਗਿਆ ਅਤੇ ਅੱਜ 12 ਵਜੇ ਤੋਂ ਬਾਅਦ ਇਹ ਈਵੀਐੱਮਜ਼ ਸਟਰਾਂਗ ਰੂਮ ਵਿੱਚ ਸੀਲ ਕੀਤੀਆਂ ਗਈਆਂ। ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ, ਕੁਝ ਆਜ਼ਾਦ ਉਮੀਦਵਾਰਾਂ ਅਤੇ ਭਾਈ ਸਰਬਜੀਤ ਸਿੰਘ ਦੇ ਸਮਰਥਕਾਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਈਵੀਐੱਮਜ਼ ਸੀਲ ਕਰਨ ਵਿੱਚ ਅਣਗਹਿਲੀ ਕੀਤੀ ਹੈ। ਆਜ਼ਾਦ ਉਮੀਦਵਾਰਾਂ ਨੇ ਖਦਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਅਣਗਹਿਲੀ ਕਾਰਨ ਮਸ਼ੀਨਾਂ ਨਾਲ ਛੇੜਛਾੜ ਵੀ ਹੋ ਸਕਦੀ ਹੈ।