ਭਦੌੜ (ਨੀਰੂ): ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ’ਤੇ ਵਰਦਿਆਂ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਸਲੀਅਤ ਲੋਕ ਸਮਝ ਚੁੱਕੇ ਹਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਗੱਲ-ਗੱਲ ’ਤੇ ਝੂਠ ਬੋਲ ਰਹੇ ਹਨ।
ਉਹ ਪਿੰਡ ਰਾਮਗੜ੍ਹ, ਦੀਪਗੜ੍ਹ ,ਮੱਝੂ ਕੇ, ਤਲਵੰਡੀ, ਅਲਕੜਾ ਤੇ ਜੰਗੀਆਣਾ ਵਿੱਚ ਭਰਵੇਂ ਇਕੱਠਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 40 ਹਜ਼ਾਰ ਨੌਕਰੀਆਂ ਦੇਣ ਦਾ ਜੋ ਰੌਲਾ ਪਾਇਆ ਜਾ ਰਿਹਾ ਹੈ, ਉਸ ਵਿੱਚ ਕੋਈ ਸੱਚਾਈ ਨਹੀਂ ਹੈ ਕਿਉਂਕਿ ਪੰਜਾਬੀਆਂ ਹੱਥ ਕੁਝ ਹੀ ਨੌਕਰੀਆਂ ਲੱਗੀਆਂ ਹਨ ਬਾਕੀ ਨੌਕਰੀਆਂ ਬਾਹਰਲੇ ਸੂਬਿਆਂ ਦੇ ਲੋਕ ਲੈ ਗਏ। ਉਨ੍ਹਾਂ ਕਿਹਾ ਕਿ ਪੰਜਾਬ ’ਚ ਨੌਕਰੀਆਂ ਜਾਂ ਹੋਰ ਕੰਮਾਂ ਲਈ ਪਹਿਲ ਪੰਜਾਬੀਆਂ ਨੂੰ ਚਾਹੀਦੀ ਹੈ ਅਤੇ ਬਾਹਰ ਦੇ ਸੂਬਿਆਂ ਦੇ ਲੋਕਾਂ ਨੂੰ ਨਹੀਂ ਚਾਹੀਦੀ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਔਰਤਾਂ ਦੀ ਪੈਨਸ਼ਨ ਵਿੱਚ ਵਾਧੇ ਦਾ ਵਾਅਦਾ ਕੀਤਾ ਸੀ ਅਤੇ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਵੀ ਵਾਅਦਾ ਕੀਤਾ ਗਿਆ ਸੀ, ਜੋ ਪੂਰਾ ਨਹੀਂ ਕੀਤਾ ਗਿਆ। ਇਸ ਮੌਕੇ ਖਹਿਰਾ ਨੇ ਕੇਂਦਰ ਸਰਕਾਰ ’ਤੇ ਵਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਦਾ 15 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਪਰ ਕਿਸਾਨਾਂ ਅਤੇ ਆਮ ਲੋਕਾਂ ਲਈ ਕੁਝ ਨਹੀਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲੋਕਾਂ ’ਤੇ ਕਹਿਰ ਢਾਹ ਰਹੀ ਹੈ ਅਤੇ ਸਿਰਫ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ, ਜਿਸ ਨੂੰ ਚੱਲਦਾ ਕਰਨਾ ਅਤਿ ਜ਼ਰੂਰੀ ਹੈ।