ਪੰਜਾਬ ਯੂਨੀਵਰਸਿਟੀ ਵਿੱਚ ਸੋਮਵਾਰ ਨੂੰ ਕੁਝ ਨੌਜਵਾਨਾਂ ਨੇ ਇੰਜਨੀਅਰਿੰਗ ਵਿਭਾਗ ਦੇ ਇੱਕ ਵਿਦਿਆਰਥੀ ਦਾ ਕਤਲ ਕਰ ਦਿੱਤਾ। ਮ੍ਰਿਤਕ ਵਿਦਿਆਰਥੀ ਦੀ ਪਛਾਣ ਨਵਜੋਤ ਸਿੰਘ ਵਾਸੀ ਪਿੰਡ ਸੰਗਤਪੁਰਾ ਵਜੋਂ ਹੋਈ ਹੈ। ਇਹ ਘਟਨਾ ਕੈਂਪਸ ‘ਚ ਸਥਿਤ ਇੰਜੀਨੀਅਰਿੰਗ ਵਿਭਾਗ ਨੇੜੇ ਵਾਪਰੀ ਹੈ ।
ਇੱਥੇ ਪਹਿਲਾਂ ਦੋ ਗੁੱਟਾਂ ਵਿਚਕਾਰ ਝੜਪ ਹੋ ਗਈ। ਇਸ ਦੇ ਨਾਲ ਹੀ ਹਮਲਾਵਰਾਂ ਨੇ ਵਿਦਿਆਰਥੀ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਭੱਜ ਗਏ।
ਕੈਂਪਸ ਦੇ ਵਿਦਿਆਰਥੀਆਂ ਨੇ ਜ਼ਖਮੀ ਨਵਜੋਤ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਪਹੁੰਚਾਇਆ, ਪਰ ਡਾਕਟਰੀ ਜਾਂਚ ‘ਤੇ ਉਹ ਮ੍ਰਿਤ ਪਾਇਆ ਗਿਆ। ਇਸ ਤੋਂ ਪਹਿਲਾਂ ਘਟਨਾ ਦੀ ਸੂਚਨਾ ਮਿਲਦਿਆਂ ਹੀ ਯੂਨੀਵਰਸਿਟੀ ਦੇ ਸੁਰੱਖਿਆ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਵੱਲੋਂ ਸੂਚਨਾ ਮਿਲਣ ‘ਤੇ ਥਾਣਾ ਅਰਬਨ ਅਸਟੇਟ ਦੀ ਪੁਲਿਸ ਵੀ ਉਥੇ ਪਹੁੰਚ ਗਈ। ਉਨ੍ਹਾਂ ਮੌਕੇ ‘ਤੇ ਮੌਜੂਦ ਵਿਦਿਆਰਥੀਆਂ ਸਮੇਤ ਹੋਰਨਾਂ ਤੋਂ ਪੁੱਛਗਿੱਛ ਕੀਤੀ ਪਰ ਹਾਲੇ ਤੱਕ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ |
ਘਟਨਾ ਵਾਲੀ ਜਗ੍ਹਾ ‘ਤੇ ਮੌਜੂਦ ਵਿਦਿਆਰਥੀਆਂ ਨੇ ਪੁਲਿਸ ਨੂੰ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਲੜਾਈ ਹੋਈ। ਇਸ ਦੌਰਾਨ ਇੰਜਨੀਅਰਿੰਗ ਵਿਭਾਗ ਨੇੜੇ ਕੁਝ ਨੌਜਵਾਨ ਇਕੱਠੇ ਹੋ ਗਏ। ਇੱਥੇ ਪਹਿਲਾਂ ਦੋ ਗੁੱਟਾਂ ਵਿਚਕਾਰ ਲੜਾਈ ਹੋ ਗਈ ਅਤੇ ਇਸ ਦੌਰਾਨ ਨੌਜਵਾਨਾਂ ਨੇ ਇੰਜੀਨੀਅਰਿੰਗ ਦੇ ਵਿਦਿਆਰਥੀ ਨਵਜੋਤ ਸਿੰਘ ਦੇ ਪੇਟ ਵਿੱਚ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
ਪੁਲਿਸ ਇਸ ਮਾਮਲੇ ਦੀ ਜਾਂਚ ‘ਤੇ ਲੱਗੀ ਹੋਈ ਹੈ। ਐਸਐਚਓ ਅੰਮ੍ਰਿਤਵੀਰ ਸਿੰਘ ਚਾਹਲ ਨੇ ਦੱਸਿਆ ਕਿ ਨਵਜੋਤ ਦੀ ਮੌਤ ਦੋ ਗੁੱਟਾਂ ਵਿੱਚ ਹੋਈ ਲੜਾਈ ਦੌਰਾਨ ਹੋਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।