ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੱਡੀ ਘੋਸ਼ਣਾ ਕੀਤੀ ਹੈ। ਪੰਜਾਬ ‘ਚ ਇਸ ਮਹੀਨੇ ਹੋਣ ਵਾਲੀ ਕੈਬਨਿਟ ਮੀਟਿੰਗ ਵਿੱਚ ਅੜਿੱਕੇ ਨੂੰ ਦੂਰ ਕਰਕੇ ਪੰਜਾਬ ਦੇ 13,000 ਕੱਚੇ ਅਧਿਆਪਕਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਇਸ ਬਾਰੇ ਅਧਿਆਪਕਾਂ ਨੂੰ ਬਕਾਇਦਾ ਨਿਯੁਕਤੀ ਪੱਤਰ ਵੀ ਜਾਰੀ ਹੋਣਗੇ।
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਹੈ ਕਿ ਅਧਿਆਪਕ ਕਹਿ ਰਹੇ ਹਨ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ‘ਚ ਉਹ ਕਈ ਸਾਲਾਂ ਤੱਕ ਧਰਨੇ ਦੇ ਰਹੇ ਸੀ। ਪਰ ਕਿਸੇ ਨੇ ਵੀ ਇਸ ਗੱਲ ਬਾਰੇ ਕੋਈ ਫ਼ਿਕਰ ਨਹੀਂ ਕੀਤੀ ਸੀ। ਪਰ ਹੁਣ ਸੀਐਮ ਮਾਨ ਦੀ ਸਰਕਾਰ ਨੇ ਉਨ੍ਹਾਂ ਦੀ ਬੇਨਤੀ ਸਵੀਕਾਰ ਕਰ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਸਕੂਲਾਂ ਦੇ ਮਿਆਰ ‘ਚ ਬਦਲਾਅ ਆ ਚੁੱਕਿਆ ਹੈ। ਨਵਾਂ ਸੈਸ਼ਨ ਦੀ ਸ਼ੁਰੂਵਾਤ ਹੋਣ ਤੋਂ ਪਹਿਲਾਂ ਹੀ ਸੂਬਾ ਸਰਕਾਰ ਨੇ ਸਕੂਲਾਂ ਨੂੰ ਕਿਤਾਬਾਂ ਵੀ ਜਾਰੀ ਕਰ ਦਿੱਤੀਆਂ ਹਨ ਅਤੇ ਵਰਦੀਆਂ ਲਈ ਫੰਡ ਵੀ ਦੇ ਦਿੱਤੇ ਹਨ।
ਮੰਤਰੀ ਹਰਜੋਤ ਬੈਂਸ ਨੇ ਵਿਰੋਧੀਆਂ ਨੂੰ ਆਖਿਆ ਹੈ ਕਿ ਮੇਰੀ ਖੁੱਲ੍ਹੀ ਚੁਣੌਤੀ ਹੈ ਕਿ ਪਿਛਲੀਆਂ ਸਰਕਾਰਾਂ ਦੇ ਮੰਤਰੀ ਸਕੂਲਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਕੀਤੇ ਗਏ ਕੰਮਾਂ ਦੀ ਆਪਣੇ ਸ਼ਾਸਨ ਨਾਲ ਤੁਲਨਾ ਕਰਕੇ ਦੇਖ ਲੈਣ । ਉਨ੍ਹਾਂ ਨੇ ਅੱਗੇ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਵਿੱਚ 20 ਫੀਸਦੀ ਬੱਚੇ ਵੱਧ ਗਏ ਹਨ। ਹੁਣ ਸਕੂਲਾਂ ਵਿੱਚ ਛੁੱਟੀਆਂ ਦੌਰਾਨ ਅਜਿਹਾ ਸਿਸਟਮ ਬਣ ਗਿਆ ਹੈ ਕਿ ਮੁਰੰਮਤ ਅਤੇ ਨਿਰਮਾਣ ਦਾ ਕੰਮ ਜਾਰੀ ਰਹਿੰਦਾ ਹੈ।
ਉਨ੍ਹਾਂ ਕਿਹਾ ਹੈ ਕਿ ਸਰਕਾਰ ਨੇ ਸਕੂਲਾਂ ਨੂੰ ਰਿਕਾਰਡ ਗ੍ਰਾਂਟਾਂ ਭੇਜੀਆਂ ਹਨ। ਇਸ ਦੇ ਨਾਲ ਹੀ ਕੰਪਿਊਟਰ ਸਿੱਖਿਆ ‘ਤੇ 200 ਕਰੋੜ ਰੁਪਏ ਖਰਚ ਕੀਤੇ ਜਾਣ ਵਾਲੇ ਹਨ। ਉਨ੍ਹਾਂ ਦੱਸਿਆ ਹੈ ਕਿ ਹੁਣ ਪ੍ਰਾਈਵੇਟ ਸਕੂਲਾਂ ਦੀ ਤਰਜ਼ ‘ਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵੀ ਕੋਡਿੰਗ ਅਤੇ ਏ.ਆਈ. ਦੀ ਸਿਖਲਾਈ ਮਿਲੇਗੀ।