ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ 95 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਸਾਹ ਚੜ੍ਹਨ ਦੀ ਸ਼ਿਕਾਇਤ ਤੋਂ ਬਾਅਦ 16 ਅਪ੍ਰੈਲ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ 25 ਅਪ੍ਰੈਲ ਦੀ ਸ਼ਾਮ 7.42 ‘ਤੇ ਉਨ੍ਹਾਂ ਨੇ ਆਖਰੀ ਵਾਰ ਸਾਹ ਲਿਆ।
ਪ੍ਰਕਾਸ਼ ਸਿੰਘ ਬਾਦਲ ਦੇਸ਼ ਦੀ ਰਾਜਨੀਤੀ ਦੇ ਸਭ ਤੋਂ ਪੁਰਾਣੇ ਆਗੂ ਸਨ। ਉਨ੍ਹਾਂ ਦੇ ਦੇਹਾਂਤ ‘ਤੇ ਕੇਂਦਰ ਸਰਕਾਰ ਨੇ ਦੋ ਦਿਨਾਂ ਦੇ ਰਾਸ਼ਟਰੀ ਸੋਗ ਦੀ ਘੋਸ਼ਣਾ ਕੀਤੀ ਹੈ, ਦੋ ਦਿਨ ਤੱਕ ਦੇਸ਼ ਭਰ ‘ਚ ਝੰਡਾ ਅੱਧਾ ਝੁਕਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸਾਰੇ ਅਧਿਕਾਰਤ ਮਨੋਰੰਜਨ ਪ੍ਰੋਗਰਾਮਾਂ ਨੂੰ ਖਾਰਜ ਕਰ ਦਿੱਤਾ ਜਾਵੇਗਾ।
26 ਅਪ੍ਰੈਲ ਯਾਨੀ ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਚੰਡੀਗੜ੍ਹ ਦੇ ਸੈਕਟਰ 28 ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਸਵੇਰੇ 10 ਵਜੇ ਲੋਕਾਂ ਦੇ ਦਰਸ਼ਨਾਂ ਲਈ ਰੱਖੀ ਜਾਣੀ ਹੈ। ਫਿਰ ਦੁਪਹਿਰ 12 ਵਜੇ ਉਨ੍ਹਾਂ ਦੀ ਅੰਤਿਮ ਯਾਤਰਾ ਸ਼ੁਰੂ ਕੀਤੀ ਜਾਵੇਗੀ । ਇਹ ਰਾਜਪੁਰਾ, ਪਟਿਆਲਾ, ਸੰਗਰੂਰ, ਬਰਨਾਲਾ, ਰਾਮਪੁਰਾ ਫੂਲ, ਬਠਿੰਡਾ ਤੋਂ ਹੁੰਦੀ ਹੋਈ ਯਾਤਰਾ ਪਿੰਡ ਬਾਦਲ ਤੱਕ ਪੁੱਜੇਗੀ। ਕੱਲ ਯਾਨੀ ਵੀਰਵਾਰ ਨੂੰ ਦੁਪਹਿਰ 1 ਵਜੇ ਜੱਦੀ ਪਿੰਡ ਬਾਦਲ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਵੇਗਾ।
ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਸੀ। ਪੰਜਾਬ ਦੇ ਸਭ ਤੋਂ ਨੌਜਵਾਨ ਅਤੇ ਬਜ਼ੁਰਗ ਮੁੱਖ ਮੰਤਰੀ ਵੀ ਉਨ੍ਹਾਂ ਨੂੰ ਆਖਿਆ ਗਿਆ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ 1970 ਵਿੱਚ 43 ਸਾਲ ਦੀ ਉਮਰ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ, ਜਿਸ ਨਾਲ ਉਹ ਪੰਜਾਬ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣ ਚੁੱਕੇ ਸੀ । 2012 ਵਿੱਚ 84 ਸਾਲ ਦੀ ਉਮਰ ਵਿੱਚ ਬਾਦਲ ਨੇ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਭਾਰਤ ਸਰਕਾਰ ਵੱਲੋ ਉਨ੍ਹਾਂ ਨੂੰ 2015 ਵਿੱਚ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਪਦਮ ਵਿਭੂਸ਼ਣ ਦਾ ਸਨਮਾਨ ਮਿਲਿਆ ਸੀ।
ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਸਿੱਖ-ਕੇਂਦਰਿਤ ਰਾਜਨੀਤੀ ਦੇ ਕੇਂਦਰ ਬਿੰਦੂ ਸੀ |ਉਨ੍ਹਾਂ ਦਾ ਆਪਣਾ ਸਿਆਸੀ ਜੀਵਨ 1947 ਵਿੱਚ ਸ਼ੁਰੂ ਹੋਇਆ ਸੀ। ਆਪਣੇ ਪਿੰਡ ਬਾਦਲ ਦੇ ਸਰਪੰਚ ਅਤੇ ਫਿਰ ਬਲਾਕ ਸਮਿਤੀ ਲੰਬੀ ਦੇ ਚੇਅਰਮੈਨ ਰਹੇ ਸਨ। ਉਹ ਪਹਿਲੀ ਵਾਰ 1957 ਵਿਚ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਸਨ।ਇਸ ਤੋਂ ਬਾਅਦ ਉਹ 1969 ਵਿੱਚ ਵਿਧਾਇਕ ਵੀ ਚੁਣੇ ਗਏ ਅਤੇ ਪੰਜਾਬ ਸਰਕਾਰ ਵਿੱਚ ਭਾਈਚਾਰਕ ਵਿਕਾਸ, ਪੰਚਾਇਤੀ ਰਾਜ, ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਪ੍ਰਧਾਨ ਬਣੇ ਸਨ।