ਰੋਪੜ ਦੇ ਪਿੰਡ ਚੌਂਤਾ ਦੇ ਨੇੜੇ ਸਤਲੁਜ ਦਰਿਆ ਵਿੱਚ ਬੀਤੀ ਸ਼ਾਮ 6 ਵਜੇ ਕਿਸ਼ਤੀ ਪਲਟ ਗਈ ਹੈ। ਕਿਸ਼ਤੀ ‘ਚ ਸਵਾਰ 6 ਵਿਅਕਤੀਆਂ ‘ਚੋਂ 2 ਪਾਣੀ ‘ਚ ਰੁੜ ਗਏ, ਜਿਨ੍ਹਾਂ ‘ਚੋਂ 1 ਦੀ ਲਾਸ਼ ਮਿਲ ਗਈ ਹੈ। ਜਦਕਿ ਦੂਜੇ ਵਿਅਕਤੀ ਦੀ ਅਜੇ ਭਾਲ ਹੋ ਰਹੀ ਹੈ। ਕਿਸ਼ਤੀ ‘ਚ ਸਵਾਰ 4 ਲੋਕਾਂ ਨੂੰ ਮਲਾਹ ਅਤੇ ਉਸ ਦੇ ਸਾਥੀ ਨੇ ਕਾਫੀ ਮਿਹਨਤ ਕਰਕੇ ਬਚਾਇਆ ਹੈ |
ਸੂਚਨਾ ਦੇ ਅਨੁਸਾਰ ਕੱਲ ਸ਼ਾਮ ਸਤਲੁਜ ਦਰਿਆ ਪਾਰ ਤੋਂ ਕੁਝ ਲੋਕ ਖੇਤੀਬਾੜੀ ਦਾ ਕੰਮ ਕਰਕੇ ਘਰ ਵਾਪਸ ਆ ਰਹੇ ਸੀ । ਕਿਸ਼ਤੀ ਵਿੱਚ 6 ਲੋਕ ਸਵਾਰ ਸੀ। ਕਿਸ਼ਤੀ ਵਿਚ ਸਵਾਰ 4 ਲੋਕ ਦੂਸਰੇ ਪਿੰਡਾਂ ਦੇ ਸੀ, ਕੁਝ ਲੋਕਾਂ ਨੂੰ ਤੈਰਾਕੀ ਨਹੀਂ ਆਉਂਦੀ ਸੀ, ਇਨ੍ਹਾਂ ‘ਚ ਦੋ ਔਰਤਾਂ ਅਤੇ ਦੋ ਮਰਦ ਸ਼ਾਮਿਲ ਹਨ। ਚਾਲਕ ਨੇ ਕਿਹਾ ਕਿ ਜਿਸ ਸਮੇ ਕਿਸ਼ਤੀ ਕੰਢੇ ਤੋਂ 50 ਫੁੱਟ ਦੀ ਦੂਰੀ ਤੇ ਸੀ ਤਾਂ ਕਿਸ਼ਤੀ ਵਿੱਚ ਸਵਾਰ ਲੋਕਾਂ ਦੀ ਹਿਲਜੁਲ ਨਾਲ ਅਸੰਤੁਲਨ ਵਿਗੜਨ ਕਰਕੇ ਕਿਸ਼ਤੀ ‘ਚ ਪਾਣੀ ਭਰਨ ਲੱਗ ਗਿਆ।
ਕਿਸ਼ਤੀ ਚਾਲਕ ਦਾ ਕਹਿਣਾ ਹੈ ਕਿ ਉਸਨੇ ਆਪਣੇ ਸਾਥੀ ਨਾਲ ਨਦੀ ਵਿੱਚ ਛਲਾਂਗ ਲਗਾ ਦਿੱਤੀ ਅਤੇ ਕਿਸ਼ਤੀ ਦਾ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ । ਇਸੇ ਦੌਰਾਨ ਡਰ ਦੇ ਕਾਰਨ ਕਿਸ਼ਤੀ ਵਿੱਚ ਸਵਾਰ ਲੋਕਾਂ ਨੇ ਵੀ ਨਦੀ ਵਿੱਚ ਛਲਾਂਗ ਲਗਾ ਦਿੱਤੀ। ਦਰਿਆ ਵਿੱਚ ਪਾਣੀ ਦਾ ਵਹਾਅ ਬਹੁਤ ਸੀ, ਕਿਸ਼ਤੀ ਚਾਲਕ ਅਤੇ ਆਲੇ -ਦੁਆਲੇ ਦੇ ਲੋਕਾਂ ਨੇ ਬਹੁਤ ਮਿਹਨਤ ਨਾਲ 4 ਲੋਕਾਂ ਨੂੰ ਬਚਾ ਲਿਆ ਪਰ 2 ਲੋਕ ਪਾਣੀ ਵਿੱਚ ਰੁੜ ਚੁੱਕੇ ਸੀ। ਮ੍ਰਿਤਕ ਦੀ ਪਛਾਣ ਰਾਮ ਲੁਭਾਇਆ (32) ਪੁੱਤਰ ਹਰਦੇਵ ਚੰਦ ਵਜੋਂ ਕੀਤੀ ਗਈ ਹੈ। ਦੂਸਰੇ ਭਗਤਰਾਮ (45) ਪੁੱਤਰ ਸਦਾਰਾਮ ਦੀ ਭਾਲ ਹੋ ਰਹੀ ਹੈ।
ਇਸ ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ASI ਹਰੀਪੁਰ ਚੌਕੀ ਇੰਚਾਰਜ ਸੋਹਣ ਸਿੰਘ ਪੁਲਿਸ ਫੋਰਸ ਸਣੇ ਮੌਕੇ ’ਤੇ ਪਹੁੰਚ ਗਏ ਅਤੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਵੀ ਆਪਣੀ ਟੀਮ ਨਾਲ ਪੁੱਜੇ, ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਘਟਨਾ ਵਿੱਚ ਮਾਰੇ ਗਏ ਦੋਹਾ ਵਿਅਕਤੀਆਂ ਨੂੰ ਰਾਸ਼ੀ ਅਦਾ ਕਰਨ ਅਤੇ ਸਤਲੁਜ ਦਰਿਆ ਦੇ ਨੇੜੇ ਦੇ ਸਾਰੇ ਪਿੰਡਾਂ ਵਿੱਚ ਸਮੁੰਦਰੀ ਸਫ਼ਰ ਕਰਨ ਵਾਲੇ ਲੋਕਾਂ ਨੂੰ ਲਾਈਫ਼ ਜੈਕਟ ਦੇਣ ਦੀ ਅਪੀਲ ਕੀਤੀ ਹੈ।