ਟਾਂਡਾ ਦੇ ਪਿੰਡ ਕੰਧਾਲਾ ਜੱਟਾਂ ਵਿੱਚ 23 ਸਾਲ ਦੇ ਨੌਵਜਾਨ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਦੀ ਪਿੰਡ ਦੇ ਸਰਕਾਰੀ ਸਕੂਲ ਦੀ ਗਰਾਊਂਡ ਵਿੱਚੋਂ ਲਾਸ਼ ਮਿਲੀ ਹੈ। ਸਰਕਾਰੀ ਹਾਈ ਸਕੂਲ ਦੀ ਗਰਾਊਂਡ ਵਿਚੋਂ ਨੌਜਵਾਨ ਦੀ ਲਾਸ਼ ਮਿਲਣ ਨਾਲ ਪਿੰਡ ਦੇ ਲੋਕਾਂ ਵਿਚ ਦਹਿਸ਼ਤ ਫੈਲ ਗਈ ਹੈ।
ਮ੍ਰਿਤਕ ਨੌਜਵਾਨ ਦੀ ਪਛਾਣ ਜੋਬਨ ਸ਼ਰਮਾ ਪੁੱਤਰ ਸੁਭਾਸ਼ ਦੇ ਵਜੋਂ ਕੀਤੀ ਗਈ ਹੈ। ਟਾਂਡਾ ਪੁਲਿਸ ਨੇ ਤਾਏ ਵਿਸ਼ਵਾ ਮਿੱਤਰ ਪੁੱਤਰ ਨਾਗਰ ਮੱਲ ਦੇ ਬਿਆਨ ਦੇ ਆਧਾਰ ‘ਤੇ 174 C. R. P. C. ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਦੇ ਮੈਬਰਾਂ ਨੂੰ ਸੌਂਪ ਦਿੱਤੀ ਹੈ।
ਮ੍ਰਿਤਕ ਨੌਜਵਾਨ ਦੇ ਤਾਏ ਵਿਸ਼ਵਾ ਮਿੱਤਰ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਸ ਦੇ ਭਰਾ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਭਤੀਜਾ ਜੋਬਨ ਸ਼ਰਮਾ ਆਪਣੀ ਮਾਂ ਸੋਨਿਕਾ ਸ਼ਰਮਾ ਨਾਲ ਪਿੰਡ ‘ਚ ਹੀ ਰਹਿ ਰਿਹਾ ਸੀ। ਥੋੜੇ ਸਮੇਂ ਤੋਂ ਸੋਨਿਕਾ ਸ਼ਰਮਾ ਆਪਣੇ ਮਾਪਿਆਂ ਦੇ ਪਿੰਡ ਰਾਜਸਥਾਨ ਗਈ ਸੀ, ਇਸ ਕਾਰਨ ਜੋਬਨ ਸ਼ਰਮਾ ਉਨ੍ਹਾਂ ਦੇ ਨਾਲ ਰਹਿ ਰਿਹਾ ਸੀ। ਕੱਲ ਸਵੇਰੇ ਉਹ ਘਰ ਤੋਂ ਗਿਆ ਹੋਇਆ ਸੀ। ਬੀਤੀ ਸ਼ਾਮ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਜੋਬਨ ਦੀ ਲਾਸ਼ ਸਰਕਾਰੀ ਸਕੂਲ ਦੀ ਗਰਾਊਂਡ ਵਿੱਚ ਬਰਾਮਦ ਹੋਈ ਹੈ। ਨੌਜਵਾਨ ਦੇ ਤਾਏ ਦਾ ਕਹਿਣਾ ਹੈ ਕਿ ਜੋਬਨ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ। ਨੌਜਵਾਨ ਦੀ ਮੌਤ ਦੀ ਅਸਲ ਵਜ੍ਹਾ ਦਾ ਪਤਾ ਕਰਨ ਲਈ ਪੁਲਿਸ ਨੇ ਪੋਸਟਮਾਰਟਮ ਕਰਵਾ ਲਿਆ ਹੈ।