ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਡੇਅਰੀ ਕਿਸਾਨਾਂ ਦੀ ਮੰਗ ਨੂੰ ਦੇਖਦੇ ਹੋਏ ਸਰਕਾਰ ਨੇ ਫੈਟ ਦੇ ਆਧਾਰ ‘ਤੇ ਦੁੱਧ ਦੀ ਕੀਮਤ 55 ਰੁਪਏ ਪ੍ਰਤੀ ਕਿਲੋ ਵਧਾਉਣ ਦਾ ਫੈਸਲਾ ਕੀਤਾ ਹੈ। ਅਜਿਹੇ ‘ਚ ਹੁਣ ਹਰ ਕਿਸੇ ਦੇ ਮਨ ‘ਚ ਇਹ ਸਵਾਲ ਹੋਵੇਗਾ, ਆਖਿਰ ਇਹ ਹੈ ਕੀ? ਇਸ ਨਾਲ ਦੁੱਧ ਦੀਆਂ ਪ੍ਰਚੂਨ ਕੀਮਤਾਂ ‘ਚ ਕੋਈ ਫਰਕ ਪਿਆ ਹੈ ਜਾਂ ਨਹੀਂ?
ਆਮ ਜਨਤਾ ਦੀਆਂ ਜੇਬਾਂ ‘ਤੇ ਕੀ ਪਵੇਗਾ ਅਸਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਅੱਜ ਸਰਕਾਰ ਕਿਸਾਨਾਂ ਲਈ ਅਹਿਮ ਐਲਾਨ ਕਰ ਰਹੀ ਹੈ। ਸਰਕਾਰ ਨੇ ਡੇਅਰੀ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦਿਆਂ ਦੁੱਧ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਹ ਵੀ ਦੱਸਿਆ ਕਿ ਦੁੱਧ ਦੀ ਖਰੀਦ ਕੀਮਤ ਵਧਣ ਨਾਲ ਪ੍ਰਚੂਨ ਕੀਮਤਾਂ ‘ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਯਾਨੀ ਕਿ ਦੁੱਧ ਆਮ ਲੋਕਾਂ ਨੂੰ ਉਸੇ ਮਾਤਰਾ ‘ਚ ਉਪਲੱਬਧ ਕਰਵਾਇਆ ਜਾਵੇਗਾ, ਜਿਸ ਤਰ੍ਹਾਂ ਪਹਿਲਾਂ ਮਿਲ ਰਿਹਾ ਸੀ। ਇਹ ਸਪੱਸ਼ਟ ਹੈ ਕਿ ਇਸ ਨਾਲ ਆਮ ਜਨਤਾ ਦੀਆਂ ਜੇਬਾਂ ‘ਤੇ ਕੋਈ ਅਸਰ ਨਹੀਂ ਪਵੇਗਾ।
ਮੰਤਰੀ ਹਰਪਾਲ ਸਿੰਘ ਚੀਮਾ ਅਨੁਸਾਰ ਦੁੱਧ ਉਤਪਾਦਕਾਂ ਲਈ ਪ੍ਰਤੀ ਕਿਲੋ ਦੁੱਧ ਦੀ ਫੈਟ ਦੇ ਹਿਸਾਬ ਨਾਲ ਦੁੱਧ ਦੀ ਖਰੀਦ ਕੀਮਤ ਵਿੱਚ 55 ਰੁਪਏ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਫੈਸਲਾ ਡੇਅਰੀ ਕਿਸਾਨਾਂ ਦੇ ਵਫ਼ਦ ਨਾਲ ਮੀਟਿੰਗ ਤੋਂ ਬਾਅਦ ਲਿਆ ਹੈ।
ਕਿਉਂ ਵਧੀਆਂ ਕੀਮਤਾਂ ?
ਦਰਅਸਲ, 21 ਮਈ ਨੂੰ ਮੁਹਾਲੀ ਵਿੱਚ ਡੇਅਰੀ ਕਿਸਾਨਾਂ ਨੇ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀਡੀਐਫਏ) ਦੇ ਬੈਨਰ ਹੇਠ ਰੋਸ ਪ੍ਰਦਰਸ਼ਨ ਕੀਤਾ ਸੀ। ਡੇਅਰੀ ਕਿਸਾਨਾਂ ਨੇ ਜਨਤਕ ਖੇਤਰ ਦੇ ਮਿਲਕ ਪਲਾਂਟਾਂ ‘ਤੇ ਦੁੱਧ ਦੀ ਖਰੀਦ ਦੀ ਕੀਮਤ ਵਧਾਉਣ ਦੀ ਮੰਗ ਕੀਤੀ ਸੀ।