ਹਿਮਾਚਲ ਪ੍ਰਦੇਸ਼ ਦੇ ਰੋਹੜੂ ਕਸਬੇ ਦੇ ਦੋ ਨੌਜਵਾਨ ਪੰਜਾਬ ਦੀ ਭਾਖੜਾ ਨਹਿਰ ਵਿੱਚ ਰੁੜ ਗਏ ਹਨ। ਇਹ ਹਾਦਸਾ ਰੋਪੜ ਦੇ ਰੰਗੀਲਪੁਰ ਪੁਲ ਨੇੜੇ ਸੈਲਫੀ ਲੈਂਦੇ ਸਮੇਂ ਪੈਰ ਤਿਲਕਣ ਕਾਰਨ ਵਾਪਰਿਆ। ਨਹਿਰ ਵਿੱਚ ਰੁੜ੍ਹੇ ਨੌਜਵਾਨਾਂ ਦੇ ਨਾਮ ਸੁਮਿਤ ਪੁਹਾਰਟਾ ਪੁੱਤਰ ਲੋਭ ਰਾਮ ਪੁਹਰਟਾ ਵਾਸੀ ਬਾਸ਼ਲਾ ਅਤੇ ਵਿਰਾਜ ਪੁੱਤਰ ਡੀਐਨ ਚੌਹਾਨ ਵਾਸੀ ਸਿੱਦਰੋਟੀ ਹਨ। ਦੱਸਿਆ ਜਾ ਰਿਹਾ ਹੈ ਦੋਵੇਂ ਨੌਜਵਾਨ ਸ਼ਿਮਲਾ ਦੇ ਨਿਵਾਸੀ ਹਨ।
ਸੂਚਨਾ ਦੇ ਅਨੁਸਾਰ ਸੁਮਿਤ ਮੋਹਾਲੀ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ। ਵਿਰਾਜ ਸ਼ਨੀਵਾਰ ਨੂੰ ਆਪਣੇ ਦੋਸਤ ਸੁਮਿਤ ਨੂੰ ਮਿਲਣ ਲਈ ਗਿਆ ਸੀ। ਐਤਵਾਰ ਸਵੇਰੇ ਦੋਵੇਂ ਭਾਖੜਾ ਨਹਿਰ ਰੰਗੀਲਪੁਰ ਨੇੜੇ ਦੋ ਮੋਟਰਸਾਈਕਲਾਂ ’ਤੇ ਘੁੰਮਣ ਲਈ ਗਏ ਸੀ । ਉਨ੍ਹਾਂ ਦੇ ਨਾਲ ਤੀਜਾ ਸਾਥੀ ਅਮਨ ਵਾਸੀ ਬਿਹਾਰ ਵੀ ਸੀ।
ਜਾਣਕਾਰੀ ਦੇ ਅਨੁਸਾਰ ਭਾਖੜਾ ਨਹਿਰ ਦੇ ਕੰਢੇ ਸੈਲਫੀ ਲੈਂਦੇ ਸਮੇਂ ਅਚਾਨਕ ਪੈਰ ਤਿਲਕਣ ਕਾਰਨ ਸੁਮਿਤ ਨਹਿਰ ਵਿੱਚ ਡਿੱਗ ਗਿਆ। ਜਦੋਂ ਉਸ ਦੇ ਸਾਥੀ ਵਿਰਾਜ ਨੇ ਉਸ ਨੂੰ ਬਚਾਉਣ ਲਈ ਉਸ ਦਾ ਹੱਥ ਫੜਿਆ ਤਾਂ ਉਸ ਦੀ ਲੱਤ ਵੀ ਤਿਲਕ ਗਈ ਅਤੇ ਦੋਵੇਂ ਨਹਿਰ ਦੇ ਤੇਜ਼ ਪਾਣੀ ਵਿਚ ਰੁੜ੍ਹ ਗਏ। ਜਦੋਂ ਇਹ ਦੋਵੇਂ ਨੌਜਵਾਨ ਭਾਖੜਾ ਨਹਿਰ ਵਿੱਚ ਵਹਿ ਰਹੇ ਸਨ ਤਾਂ ਇਨ੍ਹਾਂ ਦੇ ਸਾਥੀ ਅਮਨ ਨੇ ਉਨ੍ਹਾਂ ਨੂੰ ਬਚਾਉਣ ਲਈ ਰੌਲਾ ਪਾਇਆ।
ਪੁਲ ਦੇ ਨੇੜੇ ਸਥਿਤ ਖਵਾਜਾ ਮੰਦਿਰ ਵਿਖੇ ਸਵੇਰ ਦੀ ਸੇਵਾ ਲਈ ਆਏ ਇਕ ਨੌਜਵਾਨ ਅਤੇ ਹੋਮਗਾਰਡ ਦੇ ਜਵਾਨਾਂ ਨੇ ਰੱਸੀ ਦੀ ਸਹਾਇਤਾ ਨਾਲ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ ਵਹਾਅ ਕਾਰਨ ਦੋਵੇਂ ਨੌਜਵਾਨ ਰੁੜ੍ਹ ਗਏ। ਮੌਕੇ ‘ਤੇ ਆਈ ਪੁਲਿਸ ਨੇ ਗੋਤਾਖੋਰਾਂ ਦੀ ਸਹਾਇਤਾ ਨਾਲ ਪਾਣੀ ਵਿਚ ਡੁੱਬੇ ਦੋਵੇਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਵੀ ਜਾਰੀ ਹੈ।