ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਨਵਜੋਤ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਵਿੱਚੋਂ ਇੱਕ ਨੌਜਵਾਨ ਨੇ ਨਵਜੋਤ ਸਿੰਘ ਦੇ ਪੱਟ ਅਤੇ ਢਿੱਡ ਵਿੱਚ ਚਾਕੂ ਨਾਲ ਵਾਰ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕੈਂਪਸ ‘ਚ ਸਥਿਤ ਇੰਜੀਨੀਅਰਿੰਗ ਵਿਭਾਗ ਨੇੜੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਭੱਜ ਗਏ।
ਪੁਲਿਸ ਜਾਂਚ ‘ਚ ਹੈਰਾਨ ਕਰਨ ਵਾਲੇ ਗੱਲ ਸਾਹਮਣੇ ਆਈ ਹੈ । ਬਿਜਲੀ ਦਾ ਬਿੱਲ ਭਰਨ ਨੂੰ ਲੈ ਕੇ ਹੋਏ ਮਾਮੂਲੀ ਝਗੜੇ ਕਾਰਨ ਹੀ ਨਵਜੋਤ ਦਾ ਕਤਲ ਕੀਤਾ ਗਿਆ। ਦਰਅਸਲ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ 4 ਕਾਤਲ ਨਵਜੋਤ ਦੇ ਦੋਸਤ ਹਨ। ਪੀਜੀ ਵਿੱਚ ਰਹਿੰਦਿਆਂ ਸਾਰੇ ਇਕੱਠੇ ਪਟਿਆਲਾ ਯੂਨੀਵਰਸਿਟੀ ਚ ਹੀ ਪੜ੍ਹ ਰਹੇ ਹਨ।
ਉਨ੍ਹਾਂ ਦਾ ਨਵਜੋਤ ਨਾਲ ਬਿਜਲੀ ਬਿੱਲ ਦੀ ਰਕਮ ਸਾਰਿਆਂ ਵਿੱਚ ਬਰਾਬਰ ਵੰਡਣ ਨੂੰ ਲੈ ਕੇ ਝਗੜਾ ਹੋਇਆ ਸੀ। ਦੋਸਤਾਂ ਨੇ ਆਪੋ-ਆਪਣੇ ਪੱਖ ਦੇ ਲੋਕਾਂ ਨਾਲ ਬਾਹਰ ਝਗੜਾ ਕਰਨ ਦਾ ਫੈਸਲਾ ਕੀਤਾ। ਫਿਰ 27 ਫਰਵਰੀ ਨੂੰ ਚਾਰੇ ਮੁਲਜ਼ਮ ਪੰਜਾਬੀ ਯੂਨੀਵਰਸਿਟੀ ਪੁੱਜੇ ਅਤੇ ਨਵਜੋਤ ਦੀ ਜਾਨ ਲੈ ਲਈ।
ਐਸਐਸਪੀ ਪਟਿਆਲਾ ਨੇ ਦੱਸਿਆ ਕਿ ਇਸ ਕੇਸ ਦੇ ਚਾਰ ਕਾਤਲਾਂ ਵਿੱਚੋਂ ਕਿਸੇ ਦਾ ਵੀ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਮਾਮੂਲੀ ਝਗੜੇ ਕਾਰਨ ਪੰਜ ਪਰਿਵਾਰ ਪ੍ਰੇਸ਼ਾਨੀ ਵਿੱਚ ਹਨ। ਇਹ ਸਾਰੇ ਪੀਜੀ ਵਿੱਚ ਇਕੱਠੇ ਰਹਿੰਦੇ ਸੀ ਅਤੇ ਮ੍ਰਿਤਕ ਨਵਜੋਤ ਸਿੰਘ ਵੀ ਉਨ੍ਹਾਂ ਦਾ ਦੋਸਤ ਹੀ ਸੀ |ਫਿਲਹਾਲ ਥਾਣਾ ਅਰਬਨ ਅਸਟੇਟ ‘ਚ ਦਰਜ ਹੋਏ ਇਸ ਮਾਮਲੇ ‘ਚ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।