ਪੰਜਾਬੀ ਗਾਇਕ ਕਰਨ ਔਜਲਾ ਦੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨਾਲ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਇਸ ਵੇਲੇ ਬਹੁਤ ਚਰਚਾ ’ਚ ਹੈ। ਇਸ ਵੀਡੀਓ ’ਚ ਕਰਨ ਔਜਲਾ ਤੇ ਸ਼ੈਰੀ ਮਾਨ ਵਿਆਹ ਦੀ ਰਿਸੈਪਸ਼ਨ ਪਾਰਟੀ ’ਤੇ ਪਰਫਾਰਮ ਕਰ ਰਹੇ ਨੇ, ਜਿਥੇ ਉਨ੍ਹਾਂ ਨਾਲ ਅਨਮੋਲ ਬਿਸ਼ਨੋਈ ਵੀ ਦਿਖਾਈ ਦੇ ਰਿਹਾ ਹੈ।\
ਇਸ ਵੀਡੀਓ ਦੇ ਵਾਇਰਲ ਹੋਣ ’ਤੇ ਕਰਨ ਔਜਲਾ ਤੇ ਸ਼ੈਰੀ ਮਾਨ ਨੇ ਦੱਸਿਆ ਹੈ ਕਿ ਕਲਾਕਾਰਾਂ ਦੇ ਤੌਰ ‘ਤੇ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ ਕਿ ਸਾਡੇ ਵੱਲੋਂ ਬੁੱਕ ਕੀਤੇ ਗਏ ਵਿਆਹ ਦੇ ਸ਼ੋਅ ਜਿੱਥੇ ਅਸੀਂ ਪਰਫਾਰਮ ਕਰਨਾ ਹੈ ਉਥੇ ਕੌਣ ਆਇਆ ਹੈ ਜਾਂ ਕਿਸ ਨੂੰ ਬੁਲਾਇਆ ਹੈ ਜਾ ਕਿਸ ਨੂੰ ਨਹੀਂ ਬੁਲਾਇਆ ਗਿਆ |
ਇਸ ਵਾਇਰਲ ਵੀਡੀਓ ਤੇ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਸਭ ਆਪਸ ‘ਚ ਮਿਲੇ ਹੋਏ ਦਿਖਾਈ ਦਿੰਦੇ ਹਨ। ਜਦੋਂ ਕਿਸੇ ਸ਼ੋਅ ‘ਚ ਪਰਫਾਰਮ ਕਰਨਾ ਹੋਵੇ, ਇਸ ਤੋਂ ਪਹਿਲਾਂ ਜਿੱਥੇ ਜਾਣਾ ਹੁੰਦਾ ਹੈ ਉੱਥੇ ਦੇ ਵਿਅਕਤੀ ਦੀ ਕਿੰਨੀ ਇੱਜ਼ਤ ਹੈ, ਇਹ ਸਾਰਾ ਕੁਝ ਪਤਾ ਹੀ ਹੁੰਦਾ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਆਪਣਾ ਸਪੱਸ਼ਟੀਕਰਨ ਹੈ ਪਰ ਉਹ ਇਸ ਗੱਲ ਨਾਲ ਹਾਮੀ ਨਹੀਂ ਭਰਦੇ ਕਿ ਕਲਾਕਾਰਾਂ ਨੂੰ ਕੁਝ ਪਤਾ ਨਾ ਹੋਵੇ।
ਬਲਕੌਰ ਸਿੰਘ ਨੇ ਇਹ ਖੁਲਾਸਾ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੌਰਾਨ ਕੀਤਾ ਹੈ। ਇਸੇ ’ਚ ਬਲਕੌਰ ਸਿੰਘ ਨੇ ਇਹ ਵੀ ਆਖਿਆ ਕਿ ਉਹ ਆਪਣੇ ਪੱਖ ਤੋਂ ਠੀਕ ਹੈ, ਕਲਾਕਾਰ ਨੂੰ ਇਹ ਨਹੀਂ ਪਤਾ ਕਿ ਉਸ ਦੇ ਨੇੜੇ ਕੌਣ ਖੜ੍ਹਾ ਹੋਇਆ ਹੈ ਪਰ ਇਹ ਤਾਂ ਪਤਾ ਹੈ ਕਿ ਅਸੀਂ ਸ਼ੋਅ ਕਿਸ ਜਗ੍ਹਾ ਕਰਨ ਜਾਣਾ ਹੈ।