ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਗ੍ਰਿਫਤਾਰ ਹੋਣ ਤੋਂ ਮਗਰੋਂ ਹਿੰਸਾ ਵੱਧਦੀ ਜਾ ਰਹੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦਾ ਸਾਥ ਦੇਣ ਵਾਲਿਆਂ ਵੱਲੋ ਪੇਸ਼ਾਵਰ, ਇਸਲਾਮਾਬਾਦ ਸਣੇ ਬਹੁਤ ਸਾਰੇ ਸ਼ਹਿਰਾਂ ਵਿੱਚ ਅੱਗਜ਼ਨੀ ਅਤੇ ਭੰਨਤੋੜ ਜਾਰੀ ਹੈ। ਇਸ ਦੌਰਾਨ 6 ਲੋਕਾਂ ਦੀ ਮੌਤ ਹੋ ਗਈ ਹੈ। ਖ਼ਬਰਾਂ ਦੇ ਅਨੁਸਾਰ ਪਾਕਿਸਤਾਨ ਦੇ ਸਾਬਕਾ ਗਵਰਨਰ ਅਤੇ ਪੀਟੀਆਈ ਆਗੂ ਉਮਰ ਚੀਮਾ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ।
ਦੇਰ ਰਾਤ ਨੂੰ ਵਰਕਰਾਂ ਵੱਲੋ ਰਾਵਲਪਿੰਡੀ ‘ਚ ਫੌਜ ਦੇ ਹੈੱਡਕੁਆਰਟਰ ਦੀ ਭੰਨਤੋੜ ਕੀਤੀ ਗਈ ਹੈ । ਲਾਹੌਰ ‘ਚ ਗਵਰਨਰ ਹਾਊਸ, ਫੌਜ ਦੇ ਕਮਾਂਡਰ ਦੇ ਘਰ ਨੂੰ ਵੀ ਸਾੜਿਆ ਗਿਆ ਹੈ ਅਤੇ ਬਹੁਤ ਸਾਰੇ ਫੌਜੀ ਅਧਿਕਾਰੀਆਂ ਦੇ ਘਰਾਂ ਦੀ ਭੰਨਤੋੜ ਕਰ ਰਹੇ ਹਨ । ਪਾਕਿਸਤਾਨੀ ਅਖਬਾਰ ਦੇ ਅਨੁਸਾਰ ਹਿੰਸਾ ਨੂੰ ਦੇਖ ਕੇ ਪੂਰੇ ਪਾਕਿਸਤਾਨ ‘ਚ ਇੰਟਰਨੈੱਟ ਤੇ ਰੋਕ ਲਗਾ ਦਿੱਤੀ ਗਈ ਹੈ। ਪਾਕਿਸਤਾਨ ਵਿੱਚ ਪ੍ਰਾਈਵੇਟ ਸਕੂਲ ਵੀ ਬੰਦ ਰਹਿਣ ਵਾਲੇ ਹਨ। ਰਾਜਧਾਨੀ ਇਸਲਾਮਾਬਾਦ, ਪੰਜਾਬ ਸੂਬੇ ਅਤੇ ਪੇਸ਼ਾਵਰ ਵਿੱਚ ਧਾਰਾ 144 ਲਾਗੂ ਹੋ ਚੁੱਕੀ ਹੈ।
ਇਮਰਾਨ ਖਾਨ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਨਿਊਯਾਰਕ, ਕੈਨੇਡਾ, ਲੰਦਨ ਸਮੇਤ ਬਹੁਤ ਥਾਵਾਂ ‘ਤੇ ਭੰਨਤੋੜ ਕਰ ਰਹੇ ਹਨ। ਅਮਰੀਕਾ-ਬ੍ਰਿਟੇਨ ਨੇ ਪਾਕਿਸਤਾਨ ਵਿੱਚ ਰਹਿੰਦੇ ਆਪਣੇ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ। ਜਿਸ ਥਾਂ ਤੇ ਪ੍ਰਦਰਸ਼ਨ ਹੋ ਰਿਹਾ ਹੈ, ਉਨ੍ਹਾਂ ਨੂੰ ਦੂਰ ਰਹਿਣ ਲਈ ਆਖਿਆ ਗਿਆ ਹੈ। ਇਸਲਾਮਾਬਾਦ ਪੁਲਿਸ ਦਾ ਕਹਿਣਾ ਹੈ ਕਿ 5 ਅਧਿਕਾਰੀ ਜ਼ਖਮੀ ਹੋ ਗਏ ਹਨ, ਜਦਕਿ 43 ਪ੍ਰਦਰਸ਼ਨਕਾਰੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।