ਇਸਲਾਮਾਬਾਦ: ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਨੇ ਦੇਸ਼ ‘ਚ ਸੰਸਦ ਅਤੇ ਸੂਬਾਈ ਅਸੈਂਬਲੀ ਦੀਆਂ 11 ਸੀਟਾਂ ‘ਤੇ ਹੋਈਆਂ ਉਪ ਚੋਣਾਂ ‘ਚ ਸਭ ਤੋਂ ਜ਼ਿਆਦਾ ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਜ਼ਿਮਨੀ ਚੋਣਾਂ ਲਈ ਵੋਟਿੰਗ ਐਤਵਾਰ ਨੂੰ ਹੋਈ ਅਤੇ ਮੁੱਖ ਮੁਕਾਬਲਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਅਤੇ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਵਿਚਕਾਰ ਸੀ। ਇਹ ਚੋਣ ਸਿਆਸੀ ਪਾਰਟੀਆਂ ਲਈ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਆਪਣੀ ਲੋਕਪ੍ਰਿਅਤਾ ਨੂੰ ਪਰਖਣ ਦਾ ਮੌਕਾ ਸੀ।
ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਦੇ ਅਨੁਸਾਰ, ਸੰਸਦ (ਰਾਸ਼ਟਰੀ ਅਸੈਂਬਲੀ) ਦੀਆਂ ਅੱਠ ਅਤੇ ਪੰਜਾਬ ਸੂਬੇ ਦੀ ਵਿਧਾਨ ਸਭਾ ਦੀਆਂ ਤਿੰਨ ਸੀਟਾਂ ਲਈ ਚੋਣਾਂ ਹੋਈਆਂ। ਕੁੱਲ 101 ਉਮੀਦਵਾਰ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚੋਂ 52 ਪੰਜਾਬ, 33 ਸਿੰਧ ਅਤੇ 16 ਖੈਬਰ ਪਖਤੂਨਖਵਾ ਵਿੱਚ ਸਨ। ਖਾਨ ਨੇ ਖੁਦ ਸੱਤ ਸੰਸਦੀ ਸੀਟਾਂ ਲਈ ਚੋਣ ਲੜੀ ਸੀ, ਜਿਨ੍ਹਾਂ ਵਿੱਚੋਂ ਛੇ ਜਿੱਤੇ ਸਨ। ਉਹ ਕਰਾਚੀ ਸੀਟ ਤੋਂ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਉਮੀਦਵਾਰ ਤੋਂ ਹਾਰ ਗਏ ਸਨ। ਉਨ੍ਹਾਂ ਦੀ ਪਾਰਟੀ ਨੂੰ ਮੁਲਤਾਨ ਵਿੱਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿੱਥੇ ਪੀਟੀਆਈ ਨੇ ਮੇਹਰ ਬਾਨੋ ਕੁਰੈਸ਼ੀ ਦਾ ਸਮਰਥਨ ਕੀਤਾ ਸੀ। ਮੇਹਰ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀ ਬੇਟੀ ਹੈ।
ਸੰਸਦ ਦੀਆਂ ਛੇ ਸੀਟਾਂ ਤੋਂ ਇਲਾਵਾ ਪੀਟੀਆਈ ਨੇ ਪੰਜਾਬ ਵਿਧਾਨ ਸਭਾ ਦੀਆਂ ਦੋ ਸੀਟਾਂ ਵੀ ਜਿੱਤੀਆਂ ਹਨ। ਇਸ ਨਾਲ ਉਨ੍ਹਾਂ ਦੀ ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਦੀ ਸਥਿਤੀ ਮਜ਼ਬੂਤ ਹੋਈ ਹੈ। ਪੀਟੀਆਈ ਦੇ ਜਨਰਲ ਸਕੱਤਰ ਅਸਦ ਉਮਰ ਨੇ ਕਿਹਾ ਕਿ ਚੋਣ ਨਤੀਜੇ “ਨੀਤੀ ਨਿਰਮਾਤਾਵਾਂ ਲਈ ਆਪਣੀ ਗਲਤੀ ਦਾ ਅਹਿਸਾਸ ਕਰਨ ਅਤੇ ਪਾਕਿਸਤਾਨ ਵਿੱਚ ਨਵੀਆਂ ਚੋਣਾਂ ਕਰਵਾਉਣ ਦਾ ਇੱਕ ਮੌਕਾ ਹਨ।” ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਨੇ ਸਿਰਫ਼ ਇੱਕ ਸੀਟ ਜਿੱਤੀ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਾਲੀ ਪੀ.ਐੱਮ.ਐੱਲ.-ਐੱਨ ਨੂੰ ਵਧਦੀ ਮਹਿੰਗਾਈ ‘ਤੇ ਕਾਬੂ ਨਾ ਪਾ ਸਕਣ ਦਾ ਖਮਿਆਜ਼ਾ ਭੁਗਤਣਾ ਪਿਆ। ਪੀਟੀਆਈ ਨੇ ਹਾਲਾਂਕਿ ਸਰਕਾਰ ਦੇ ਡਿੱਗਣ ਤੋਂ ਬਾਅਦ ਆਪਣੇ ਸੰਸਦ ਮੈਂਬਰਾਂ ਦੇ ਅਸਤੀਫੇ ਕਾਰਨ ਖਾਲੀ ਹੋਈਆਂ 11 ਸੀਟਾਂ ਵਿੱਚੋਂ ਤਿੰਨ ਸੀਟਾਂ ਗੁਆ ਦਿੱਤੀਆਂ ਹਨ।