ਪਟਨਾ ‘ਚ ਰੇਤ ਮਾਫੀਆ ਦੇ ਗੁੰਡਿਆਂ ਨੇ ਮਾਈਨਿੰਗ ਟੀਮ ‘ਤੇ ਹਮਲਾ ਕਰ ਦਿੱਤਾ ਹੈ। ਜ਼ਿਲ੍ਹਾ ਮਾਈਨਿੰਗ ਅਫ਼ਸਰ ਅਤੇ ਮਹਿਲਾ ਮਾਈਨਿੰਗ ਇੰਸਪੈਕਟਰ ਨੂੰ ਸੜਕ ‘ਤੇ ਭਜਾ-ਭਜਾ ਕੇ ਕੁੱਟਿਆ ਗਿਆ। ਮਾਈਨਿੰਗ ਟੀਮ ਭੱਜ ਗਈ ਸੀ, ਪਰ ਮਹਿਲਾ ਇੰਸਪੈਕਟਰ ਨੂੰ ਘੇਰ ਲਿਆ ਗਿਆ। ਮੁਲਜ਼ਮਾਂ ਨੇ ਮਹਿਲਾ ਇੰਸਪੈਕਟਰ ਨੂੰ ਕਦੇ ਲੱਤਾਂ ਅਤੇ ਕਦੇ ਮੁੱਕਿਆ ਨਾਲ ਕੁੱਟਮਾਰ ਕੀਤੀ|
ਸਾਰੀ ਘਟਨਾ ਸੋਮਵਾਰ ਦੁਪਹਿਰ 2 ਵਜੇ ਪਟਨਾ ਜ਼ਿਲੇ ਦੇ ਬਿਹਟਾ ਥਾਣਾ ਖੇਤਰ ਦੇ ਪਾਰੇਵ ਪਿੰਡ ਦੀ ਦੱਸੀ ਜਾ ਰਹੀ ਹੈ। ਮਾਈਨਿੰਗ ਟੀਮ ਨੂੰ ਓਵਰਲੋਡਿੰਗ ਦੀ ਜਾਣਕਾਰੀ ਪ੍ਰਾਪਤ ਹੋਈ ਸੀ। ਇਸ ’ਤੇ ਜ਼ਿਲ੍ਹਾ ਮਾਈਨਿੰਗ ਵਿਭਾਗ ਦੀ ਮਹਿਲਾ ਇੰਸਪੈਕਟਰ ਮੁਲਾਜ਼ਮਾਂ ਦੇ ਨਾਲ ਓਵਰਲੋਡਿੰਗ ਟਰੱਕਾਂ ਦੀ ਚੈਕਿੰਗ ਕਰਨ ਲਈ ਪੁੱਜੀ ਸੀ।
ਇਸ ਦੌਰਾਨ ਟਰੱਕ ਚਾਲਕਾਂ ਨਾਲ ਮਾਈਨਿੰਗ ਟੀਮ ਦੀ ਬਹਿਸ ਹੋ ਗਈ। ਇਸ ਤੋਂ ਬਾਅਦ ਰੇਤ ਮਾਫੀਆ ਅਤੇ ਇਸ ਦੇ ਗੁੰਡਿਆਂ ਨੇ ਜ਼ਿਲ੍ਹਾ ਮਾਈਨਿੰਗ ਇੰਸਪੈਕਟਰ ਅਤੇ ਮੁਲਾਜਮਾਂ ‘ਤੇ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਜਾਨ ਬਚਾਉਣ ਲਈ ਜ਼ਿਲ੍ਹਾ ਮਾਈਨਿੰਗ ਟੀਮ ਦੌੜ ਗਈ। ਇਸ ਦੌਰਾਨ ਮਹਿਲਾ ਇੰਸਪੈਕਟਰ ਨੂੰ ਹਮਲਾਵਰਾਂ ਨੇ ਫੜ ਲਿਆ।
ਜਾਣਕਾਰੀ ਦੇ ਅਨੁਸਾਰ ਮਾਈਨਿੰਗ ਟੀਮ ਨੇ 150 ਦੇ ਕਰੀਬ ਓਵਰਲੋਡਿੰਗ ਟਰੱਕ ਫੜੇ ਹੋਏ ਸੀ ਪਰ ਰੇਤ ਮਾਫੀਆ ਵੱਲੋਂ ਟੀਮ ‘ਤੇ ਹਮਲਾ ਕਰਕੇ ਟਰੱਕਾਂ ਨੂੰ ਛੁਡਾ ਲਿਆ ਗਿਆ| ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਸਿਟੀ ਦੇ ਐਸਪੀ ਵੈਸਟ ਮੌਕੇ ‘ਤੇ ਪੁੱਜੇ। ਇਸ ਮਾਮਲੇ ਵਿੱਚ 3 ਲੋਕਾਂ ‘ਤੇ ਕੇਸ ਦਰਜ ਕੀਤਾ ਗਿਆ ਅਤੇ 44 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।