ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਨਰਵਾਣਾ ਇਲਾਕੇ ਦੇ ਪਿੰਡ ਭਾਨਾ ਬ੍ਰਾਹਮਣ ਵਾਸੀ ਮਨੀਸ਼ ਨਾਮਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਨੀਸ਼ ਇਕ ਮਹੀਨਾ ਪਹਿਲਾਂ ਪਿੰਡ ਦੇ ਹੀ ਇਕ ਨੌਜਵਾਨ ਰਾਹੀਂ 2 ਲੱਖ ਰੁਪਏ ਦੇ ਕੇ ਲਾੜੀ ਨੂੰ ਪੰਜਾਬ ਤੋਂ ਲਿਆਇਆ ਸੀ। ਸਦਰ ਥਾਣਾ ਨਰਵਾਣਾ ਦੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ‘ਤੇ 3 ਲੋਕਾਂ ਦੇ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਦੇ ਵੱਡੇ ਪੁੱਤਰ ਦਿਨੇਸ਼ ਦੀ 3 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ, ਛੋਟਾ ਪੁੱਤਰ ਮਨੀਸ਼ ਨਰਵਾਣਾ ਵਿਖੇ ਵੈਲਡਿੰਗ ਦੀ ਦੁਕਾਨ ‘ਤੇ ਕੰਮ ਕਰਦਾ ਸੀ । ਇੱਕ ਮਹੀਨਾ ਪਹਿਲਾਂ ਪਿੰਡ ਦੇ ਸੋਹਣ ਲਾਲ ਅਤੇ ਸੰਗਰੂਰ ਦੇ ਸੰਦੀਪ ਨੇ ਮੇਰੇ ਪੁੱਤਰ ਮਨੀਸ਼ ਦਾ ਵਿਆਹ ਸੰਗਰੂਰ ਦੇ ਰਿੰਪੀ ਨਾਲ ਕਰਵਾਇਆ ਸੀ। ਇਸ ਦੇ ਬਦਲੇ ਦੋਵਾਂ ਨੇ ਮਨੀਸ਼ ਤੋਂ 2 ਲੱਖ ਰੁਪਏ ਲਏ ਸੀ ।
ਵਿਆਹ ਵਿੱਚ ਉਸ ਨੇ 5000 ਰੁਪਏ ਦੇ ਚਾਂਦੀ ਦੇ ਗਹਿਣੇ ਵੀ ਬਣਵਾਏ ਸੀ । ਵਿਆਹ ਤੋਂ ਬਾਅਦ ਰਿੰਪੀ 3 ਦਿਨ ਉਸ ਦੇ ਘਰ ਰਹੀ ਅਤੇ ਫਿਰ ਆਪਣੇ ਘਰ ਪੰਜਾਬ ਚਲੀ ਗਈ। ਫਿਰ 2-3 ਦਿਨਾਂ ਬਾਅਦ ਰਿੰਪੀ ਫਿਰ ਘਰ ਆ ਗਈ ਅਤੇ ਇਕ ਦਿਨ ਰੁਕਣ ਤੋਂ ਬਾਅਦ ਵਾਪਸ ਸੰਗਰੂਰ ਆਪਣੇ ਘਰ ਚਲੀ ਗਈ। ਕੁਝ ਦਿਨਾਂ ਬਾਅਦ ਜਦੋਂ ਉਸ ਨੇ ਸੋਹਨ ਲਾਲ ਅਤੇ ਸੰਦੀਪ ਨੂੰ ਰਿੰਪੀ ਨੂੰ ਲਿਆਉਣ ਬਾਰੇ ਕਿਹਾ ਤਾਂ ਉਨ੍ਹਾਂ ਨੇ ਗੱਲ ਟਾਲ ਦਿੱਤੀ । ਇੱਕ ਹਫ਼ਤਾ ਪਹਿਲਾਂ ਜਦੋਂ ਉਨ੍ਹਾਂ ਨੂੰ ਦੁਬਾਰਾ ਕਿਹਾ ਗਿਆ ਤਾਂ ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੂੰ ਦੁਬਾਰਾ ਵਿਆਹ ਸਬੰਧੀ ਪੁੱਛਿਆ ਗਿਆ ਤਾਂ ਉਹ ਕੇਸ ਦਰਜ ਕਰਾ ਦੇਣਗੇ।
ਇਸ ਗੱਲ ਨੂੰ ਲੈ ਕੇ ਮਨੀਸ਼ ਪਰੇਸ਼ਾਨ ਹੋ ਗਿਆ ਅਤੇ ਸ਼ੁੱਕਰਵਾਰ ਰਾਤ ਕਰੀਬ 8 ਵਜੇ ਮਨੀਸ਼ ਨੇ ਤਿੰਨਾਂ ਤੋਂ ਪਰੇਸ਼ਾਨ ਹੋ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਿਤਾ ਰਾਜਕੁਮਾਰ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪੁੱਤਰ ਦੀ ਮੌਤ ਲਈ ਸੋਹਨ ਲਾਲ, ਸੰਦੀਪ ਅਤੇ ਰਿੰਪੀ ਜ਼ਿੰਮੇਵਾਰ ਹਨ। ਸਦਰ ਥਾਣਾ ਨਰਵਾਣਾ ਪੁਲਿਸ ਨੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।