ਮੱਧ ਪ੍ਰਦੇਸ਼ ਦੇ ਵਿਦਿਸ਼ਾ ‘ਚ ਸੱਤ ਸਾਲ ਦਾ ਬੱਚਾ ਡੂੰਘੇ ਬੋਰਵੈੱਲ ਵਿਚ ਡਿੱਗ ਗਿਆ। ਪੁਲਿਸ ਅਤੇ ਐਨਡੀਆਰਐਫ ਦੀ ਟੀਮ ਨੇ 24 ਘੰਟਿਆਂ ਤੋਂ ਬਾਅਦ ਬੱਚੇ ਨੂੰ ਬਾਹਰ ਕੱਢਿਆ। ਬੱਚੇ ਦੀ ਪਛਾਣ ਲੋਕੇਸ਼ ਅਹੀਰਵਾਰ ਪੁੱਤਰ ਦਿਨੇਸ਼ ਅਹੀਰਵਰ ਵੱਜੋਂ ਹੋਈ ਹੈ |ਬੱਚੇ ਨੂੰ ਲੈ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੀ ਟੀਮ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਬੱਚਾ 60 ਫੁੱਟ ਡੂੰਘੇ ਬੋਰਵੈੱਲ ‘ਚ 43 ਫੁੱਟ ‘ਤੇ ਫਸ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਦੀ ਪੂਰੀ ਰਾਤ ਤੋਂ ਲੈ ਕੇ ਅੱਜ ਸਵੇਰੇ 8 ਵਜੇ ਤੱਕ 50 ਫੁੱਟ ਟੋਆ ਪੁੱਟਿਆ ਗਿਆ, ਜਿਸ ਤੋਂ ਬਾਅਦ 5 ਫੁੱਟ ਦੀ ਸੁਰੰਗ ਬਣਾ ਕੇ ਬੱਚੇ ਨੂੰ ਬਾਹਰ ਕੱਢਿਆ ਗਿਆ। ਇੱਕ ਐਂਬੂਲੈਂਸ ਸੁਰੰਗ ਦੇ ਕੋਲ ਖੜ੍ਹੀ ਸੀ. ਚਾਈਲਡ ਸਪੈਸ਼ਲਿਸਟ ਡਾਕਟਰ ਅਤੇ ਮੈਡੀਕਲ ਸਟਾਫ ਨੂੰ ਸੁਰੰਗ ਦੇ ਅੰਦਰ ਬੁਲਾਇਆ ਗਿਆ। ਜਿਵੇਂ ਹੀ ਬੱਚਾ ਬਾਹਰ ਨਿਕਲਿਆ ਤਾਂ ਉਸ ਨੂੰ 14 ਕਿਲੋਮੀਟਰ ਦੂਰ ਲਾਟੇਰੀ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।
ਇਸ ਮੌਕੇ ਕਲੈਕਟਰ ਉਮਾਸ਼ੰਕਰ ਭਾਰਗਵ, ਲੈਟਰੀ ਦੇ ਐਸਡੀਐਮ ਹਰਸ਼ਲ ਚੌਧਰੀ, ਵਧੀਕ ਐਸਪੀ ਸਮੀਰ ਯਾਦਵ ਹਾਜ਼ਰ ਸੀ । ਕੁਲੈਕਟਰ ਉਮਾਸ਼ੰਕਰ ਭਾਰਗਵ ਨੇ ਕਿਹਾ ਕਿ ਲਾਪਰਵਾਹੀ ਕਾਰਨ ਬੱਚੇ ਦੀ ਜਾਨ ਮੁਸੀਬਤ ਵਿੱਚ ਆ ਗਈ ਹੈ। ਜ਼ਿਲ੍ਹੇ ਦੇ ਸਾਰੇ ਬੋਰਵੈਲ ਟੋਇਆਂ ਨੂੰ ਇੱਕ ਹਫ਼ਤੇ ਵਿੱਚ ਢੱਕ ਦਿੱਤਾ ਜਾਵੇ ।
ਲੋਕੇਸ਼ ਦੀ ਦਾਦੀ ਊਸ਼ਾ ਬਾਈ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਨ ਲਈ ਖੇਤਾਂ ‘ਚ ਆਏ ਸੀ। ਉਨ੍ਹਾਂ ਦਾ ਪੋਤਾ ਵੀ ਉਨ੍ਹਾਂ ਦੇ ਨਾਲ ਆਇਆ ਸੀ। ਉਹ ਖੇਤ ਵਿੱਚ ਵਾਢੀ ਕਰ ਰਹੇ ਸੀ। ਇਸ ਦੌਰਾਨ ਉਥੇ ਕੁਝ ਬਾਂਦਰ ਆ ਗਏ। ਲੋਕੇਸ਼ ਬਾਂਦਰਾਂ ਨੂੰ ਭਜਾਉਣ ਲਈ ਪਿੱਛੇ ਭੱਜਿਆ। ਇਸ ਦੌਰਾਨ ਉਹ ਖੇਤਾਂ ‘ਚ ਬਣੇ ਬੋਰਵੈੱਲ ਵਿੱਚ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਲੋਕੇਸ਼ ਨੂੰ ਖੇਤਾਂ ਵਿੱਚ ਫ਼ਸਲਾਂ ਦੇ ਵਿਚਕਾਰ ਬਣੇ ਬੋਰਵੈੱਲ ਬਾਰੇ ਕੋਈ ਜਾਣਕਾਰੀ ਨਹੀਂ ਸੀ।