ਹਰਿਆਣਾ ਦੇ ਦਾਦਰੀ ਦੇ ਰੋਹਤਕ ਰੋਡ ‘ਤੇ ਸਥਿਤ ਵਾਟਿਕਾ ‘ਚ ਵਿਆਹ ਸਮਾਗਮ ਦੌਰਾਨ ਵਿਆਹ ਦੇ ਹਾਲ ‘ਚ ਫੇਰਿਆ ਤੋਂ ਠੀਕ ਪਹਿਲਾਂ ਲਾੜੇ ਅਤੇ ਉਸ ਦੀ ਮਾਂ ਵੱਲੋਂ ਦਾਜ ਵਜੋਂ ਕ੍ਰੇਟਾ ਕਾਰ ਦੀ ਮੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਇਹ ਮੰਗ ਪੂਰੀ ਨਾ ਹੋਈ ਤਾਂ ਲਾੜਾ ਮੰਡਪ ਤੋਂ ਭੱਜ ਗਿਆ। ਹਾਲਾਂਕਿ, ਲਾੜੀ ਪੱਖ ਵੱਲੋਂ ਲਾੜੇ ਦੇ ਪਰਿਵਾਰ ਦੀਆ ਕਾਫੀ ਮਿਨਤਾਂ ਕਰਨ ਦੇ ਬਾਵਜੂਦ, ਲਾੜੇ ਦੇ ਪੱਖ ਦੇ ਲੋਕ ਬਿਨਾਂ ਵਿਆਹ ਕਰਵਾਏ ਵਾਪਸ ਪਰਤ ਗਏ।
ਘਟਨਾ 9 ਫਰਵਰੀ ਦੀ ਰਾਤ ਦੀ ਹੈ। ਲਾੜੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਹੈ। ਦਾਦਰੀ ਸਤੀ ਥਾਣਾ ਪੁਲਿਸ ਨੇ ਲਾੜੀ ਪੱਖ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ |
ਦਰਅਸਲ, ਚਰਖੀ ਦਾਦਰੀ ਦੇ ਰਹਿਣ ਵਾਲੇ ਸ਼ਿਵਪ੍ਰਕਾਸ਼ ਦੀ ਬੇਟੀ ਦਾ ਵਿਆਹ ਭਿਵਾਨੀ ਦੇ ਭਾਰਤ ਨਗਰ ਨਿਵਾਸੀ ਅਭਿਨਵ ਨਾਲ 9 ਫਰਵਰੀ ਨੂੰ ਤੈਅ ਹੋਇਆ ਸੀ। ਇਸ ਦੇ ਲਈ ਉਨ੍ਹਾਂ ਨੇ ਦਾਦਰੀ ਦੇ ਰੋਹਤਕ ਰੋਡ ‘ਤੇ ਸਥਿਤ ਵਾਟਿਕਾ ਬੁੱਕ ਕਰਵਾਈ ਸੀ, ਪਰ ਵਿਆਹ ਲਈ ਕਾਰ ਨਾ ਮਿਲਣ ‘ਤੇ ਲਾੜਾ ਭੱਜ ਗਿਆ। ਰਵਾਨਾ ਹੋਣ ਤੋਂ ਠੀਕ ਪਹਿਲਾਂ ਉਸ ਨੇ ਕ੍ਰੇਟਾ ਕਾਰ ਜਾਂ 15 ਲੱਖ ਰੁਪਏ ਨਕਦ ਦੀ ਮੰਗ ਕੀਤੀ, ਜਿਸ ਨੂੰ ਲੜਕੀ ਦੇ ਪਰਿਵਾਰਕ ਮੈਂਬਰ ਪੂਰਾ ਨਹੀਂ ਕਰ ਸਕੇ। ਇਸ ਦੌਰਾਨ ਲਾੜਾ ਚੱਕਰ ਆਉਣ ਦਾ ਬਹਾਨਾ ਕਰ ਕੇ ਮੰਡਪ ਤੋਂ ਭੱਜ ਗਿਆ|
ਲਾੜੀ ਦੇ ਪਿਤਾ ਸ਼ਿਵਪ੍ਰਕਾਸ਼ ਅਤੇ ਮਾਤਾ ਸਰੋਜ ਦੇਵੀ ਨੇ ਰੋਂਦੇ ਹੋਏ ਵਿਆਹ ਦੌਰਾਨ ਮੰਡਪ ਤੋਂ ਫਰਾਰ ਹੋਏ ਲਾੜੇ ਦੀ ਪੂਰੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਮਾਜ ਵਿੱਚ ਉਨ੍ਹਾਂ ਦਾ ਅਪਮਾਨ ਹੋਇਆ ਹੈ। ਵਿਆਹ ਲਈ ਬਣਾਈਆਂ ਮਠਿਆਈਆਂ ਪਿੱਛੇ ਰਹਿ ਗਈਆਂ,ਇਸ ਪੂਰੇ ਮਾਮਲੇ ਨੂੰ ਲੈ ਕੇ ਲਾੜੀ ਘਰ ਦੇ ਕਮਰੇ ‘ਚ ਕੈਦ ਹੈ। ਰਿਸ਼ਤੇਦਾਰਾਂ ਅਨੁਸਾਰ ਕ੍ਰੇਟਾ ਗੱਡੀ ਜਾਂ 15 ਲੱਖ ਰੁਪਏ ਨਾ ਦੇਣ ਕਾਰਨ ਬਰਾਤ ਵਾਪਿਸ ਮੁੜ ਗਈ |
ਡੀ.ਐਸ.ਪੀ ਹੈੱਡਕੁਆਰਟਰ ਵਰਿੰਦਰ ਸਿੰਘ ਨੇ ਦੱਸਿਆ ਕਿ ਲਾੜੀ ਪੱਖ ਤੋਂ ਵਿਆਹ ਵਾਲੇ ਦਿਨ ਬਰਾਤ ਦੇ ਵਾਪਿਸ ਮੁੜ ਜਾਣ ਅਤੇ ਕ੍ਰੇਟਾ ਗੱਡੀ ਨਾ ਦੇਣ ‘ਤੇ ਦਾਜ ਦੇ ਲਾਲਚੀ ਖਿਲਾਫ ਕਾਰਵਾਈ ਕਰਨ ਦੀ ਸ਼ਿਕਾਇਤ ਮਿਲੀ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਲਾੜੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।