ਇਸ ਸਮੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਕੰਵਰਦੀਪ ਕੌਰ ਨੂੰ ਚੰਡੀਗੜ੍ਹ ਦੀ ਨਵੀਂ SSP ਨਿਯੁਕਤ ਕੀਤਾ ਗਿਆ ਹੈ ।ਇਸ ਸਬੰਧੀ ਆਦੇਸ਼ 4 ਮਾਰਚ ਨੂੰ ਕੈਬਿਨੇਟ ਪ੍ਰਸੋਨਲ ਮੰਤਰਾਲੇ ਦੀ ਨਿਯੁਕਤੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਹਨ।
ਮੰਤਰੀ ਮੰਡਲ ਨੇ ਅੰਤਰ-ਕੇਡਰ ਡੈਪੂਟੇਸ਼ਨ ਲਈ MHA ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੰਦੇ ਹੋਏ, ਪੰਜਾਬ ਕੇਡਰ 2013 ਬੈਚ ਦੀ IPS ਅਧਿਕਾਰੀ ਕੰਵਰਦੀਪ ਕੌਰ ਨੂੰ AGMUT ਕੇਡਰ, ਚੰਡੀਗੜ੍ਹ ਵਿੱਚ SSP ਦੇ ਪਦ ਤੇ ਨਿਯੁਕਤ ਕੀਤਾ ਹੈ।
ਗ੍ਰਹਿ ਮੰਤਰਾਲੇ ਦੇ ਹੁਕਮਾਂ ‘ਤੇ, IPS ਕੰਵਰਦੀਪ ਕੌਰ ਘੱਟੋ-ਘੱਟ ਤਿੰਨ ਸਾਲਾਂ ਲਈ ਚੰਡੀਗੜ੍ਹ ਵਿੱਚ SSP ਵਜੋਂ ਸੇਵਾ ਕਰੇਗੀ। ਇਸ ਤੋਂ ਪਹਿਲਾਂ ਉਹ ਫਿਰੋਜ਼ਪੁਰ, ਪੰਜਾਬ ਵਿੱਚ SSP ਵਜੋਂ ਸੇਵਾਵਾਂ ਦੇ ਰਹੀ ਸੀ। ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਭੇਜੇ ਪੈਨਲ ਵਿੱਚ ਇੱਕ IPS ਦੇ ਨਾਂ ਨੂੰ ਮਨਜ਼ੂਰੀ ਨਾ ਦਿੰਦੇ ਹੋਏ ਪੰਜਾਬ ਨੂੰ ਕੋਈ ਹੋਰ ਨਾਂ ਦੇਣ ਲਈ ਕਿਹਾ ਗਿਆ।
ਪੰਜਾਬ ਸਰਕਾਰ ਨੇ IPS ਕੰਵਰਦੀਪ ਕੌਰ ਦਾ ਨਾਂ ਦੂਜੇ ਪੈਨਲ ਵਿੱਚ ਸ਼ਾਮਲ ਕੀਤਾ ਹੋਇਆ ਸੀ। ਉਦੋਂ ਤੋਂ ਹੀ ਅੰਦਾਜਾ ਸੀ ਕਿ ਉਨ੍ਹਾਂ ਨੂੰ ਚੰਡੀਗੜ੍ਹ ਵਿੱਚ SSP ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਦੂਸਰੇ ਪਾਸੇ IPS ਕੁਲਦੀਪ ਚਾਹਲ ਦੀ ਵਾਪਸੀ ਮਗਰੋਂ SSP ਚੰਡੀਗੜ੍ਹ ਦਾ ਵਾਧੂ ਚਾਰਜ ਹਰਿਆਣਾ ਕੇਡਰ ਦੀ IPS ਮਨੀਸ਼ਾ ਚੌਧਰੀ ਨੂੰ ਸੌਂਪਿਆ ਜਾ ਰਿਹਾ ਹੈ।
ਚੰਡੀਗੜ੍ਹ ਦੇ ਸਾਬਕਾ SSP, IPS ਕੁਲਦੀਪ ਚਾਹਲ ਨੂੰ ਉਨ੍ਹਾਂ ਦਾ ਕਾਰਜਕਾਲ ਪੂਰਾ ਹੋਣ ਤੋਂ 10 ਮਹੀਨੇ ਪਹਿਲਾਂ ਹੀ ਪੇਰੈਂਟ ਕੇਡਰ ਪੰਜਾਬ ਵਿੱਚ ਵਾਪਸ ਭੇਜ ਦਿੱਤਾ ਗਿਆ ਸੀ। ਇਹ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਦੇ ਹੁਕਮਾਂ ‘ਤੇ ਕੀਤਾ ਗਿਆ ਹੈ। IPS ਕੁਲਦੀਪ ਚਾਹਲ ਦੇ ਸਬੰਧ ਵਿੱਚ ਜਾਰੀ ਪੱਤਰ ਵਿੱਚ ਰਾਜਪਾਲ ਨੇ ਉਨ੍ਹਾਂ ਵੱਲੋਂ ਕੀਤੇ ਗਏ ਮਾੜੇ ਵਿਹਾਰ ਬਾਰੇ ਦੱਸਿਆ ਸੀ।
ਪੰਜਾਬ ‘ਆਪ’ ਨੇ ਇਸ ‘ਤੇ ਸਖ਼ਤ ਮਨਾਹੀ ਕੀਤੀ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਸਬੰਧੀ ਰਾਜਪਾਲ ਨੂੰ ਪੱਤਰ ਲਿਖ ਕੇ ਜਵਾਬ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਰਾਜਪਾਲ ਨੇ ਇਸ ਬਾਰੇ ਪਹਿਲਾਂ ਉਨ੍ਹਾਂ ਨਾਲ ਗੱਲਬਾਤ ਨਹੀਂ ਕੀਤੀ। ਇਸ ਦੇ ਜਵਾਬ ਵਿੱਚ ਰਾਜਪਾਲ ਨੇ ਦੱਸਿਆ ਕਿ ਮੁੱਖ ਮੰਤਰੀ ਜੀ ਗੁਜਰਾਤ ਵਿੱਚ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਸੀ ।