ਜੰਮੂ ਵਿੱਚ ਇੱਕ ਮਹਿਲਾ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਪ੍ਰੇਮੀ ਤੇ ਇਹ ਦੋਸ਼ ਹੈ ਕਿ ਉਸ ਨੇ ਆਪਣੀ ਪ੍ਰੇਮਿਕਾ ਨੂੰ ਚਾਕੂ ਮਾਰ ਕੇ ਮਾਰ ਦਿੱਤਾ| ਮ੍ਰਿਤਕਾ ਪੇਸ਼ੇ ਤੋਂ ਡਾਕਟਰ ਸੀ। ਦੋਵਾਂ ਵਿਚਾਲੇ ਕਿਸੇ ਵਜ੍ਹਾ ਕਰਕੇ ਲੜਾਈ ਹੋ ਗਈ , ਜਿਸ ਤੋਂ ਬਾਅਦ ਗੁੱਸੇ ‘ਚ ਆ ਕੇ ਵਿਅਕਤੀ ਨੇ ਪ੍ਰੇਮਿਕਾ ‘ਤੇ ਰਸੋਈ ਤੋਂ ਚਾਕੂ ਲੈ ਕੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਫਿਰ ਉਸੇ ਚਾਕੂ ਨਾਲ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਉਸ ਦਾ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਇਲਾਜ ਹੋ ਰਿਹਾ ਹੈ।
ਜਾਣਕਾਰੀ ਦੇ ਅਨੁਸਾਰ ਮ੍ਰਿਤਕਾਂ ਦਾ ਨਾਂ ਸੁਮੇਧਾ ਸ਼ਰਮਾ ਹੈ। ਉਹ ਜੰਮੂ ਦੇ ਤਾਲਾਬ ਟਿੱਲੋ ਦੀ ਰਹਿਣ ਵਾਲੀ ਹੈ। ਮੁਲਜ਼ਮ ਦੀ ਪਛਾਣ ਪੰਪੋਸ਼ ਕਲੋਨੀ ਦੇ ਰਹਿਣ ਵਾਲੇ ਜੌਹਰ ਗਣਾਈ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਮੇਧਾ ਹੋਲੀ ਦੀ ਛੁੱਟੀ ‘ਤੇ ਜੰਮੂ ਆਈ ਸੀ ਅਤੇ 7 ਮਾਰਚ ਨੂੰ ਜੌਹਰ ਨੂੰ ਮਿਲਣ ਉਸ ਦੇ ਘਰ ਜਾਨੀਪੁਰ ਗਈ ਸੀ। ਉੱਥੇ ਦੋਵਾਂ ਵਿਚਾਲੇ ਕਿਸੇ ਵਜ੍ਹਾ ਕਾਰਨ ਲੜਾਈ ਹੋ ਗਈ, ਜਿਸ ਤੋਂ ਬਾਅਦ ਦੋਸ਼ੀ ਨੇ ਸੁਮੇਧਾ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਸੂਚਨਾ ਦੇ ਅਨੁਸਾਰ ਦੋਸ਼ੀ ਜੌਹਰ ਨੇ ਫੇਸਬੁੱਕ ਪੋਸਟ ਕਰ ਕੇ ਲਿਖਿਆ ਕਿ ਉਹ ਨਿੱਜੀ ਮਾਮਲਿਆਂ ਕਾਰਨ ਆਪਣੀ ਜਿੰਦਗੀ ਸਮਾਪਤ ਕਰਨ ਜਾ ਰਿਹਾ ਹੈ। ਇਹ ਪੋਸਟ ਦੇਖ ਕੇ ਜੌਹਰ ਦੇ ਰਿਸ਼ਤੇਦਾਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਜੌਹਰ ਦੇ ਜਾਨੀਪੁਰ ਸਥਿਤ ਘਰ ਪਹੁੰਚੀ। ਉੱਥੇ ਸੁਮੇਧਾ ਖੂਨ ਨਾਲ ਲੱਥਪੱਥ ਅਤੇ ਮੁਲਜ਼ਮ ਜ਼ਖਮੀ ਹਾਲਤ ‘ਚ ਮਿਲਿਆ। ਦੋਵਾਂ ਨੂੰ ਪੁਲਿਸ ਨੇ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਸੁਮੇਧਾ ਦੀ ਜਾਨ ਨਹੀਂ ਬਚ ਸਕੀ। ਮੁਲਜ਼ਮ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਖ਼ਬਰਾਂ ਦੇ ਅਨੁਸਾਰ ਸੁਮੇਧਾ ਸ਼ਰਮਾ ਅਤੇ ਦੋਸ਼ੀ ਜੌਹਰ ਨੇ ਇੱਕੋ ਕਾਲਜ ਤੋਂ ਪੜ੍ਹਾਈ ਕੀਤੀ ਸੀ। ਉਸਨੇ ਡੈਂਟਲ ਕਾਲਜ, ਜੰਮੂ ਤੋਂ ਬੈਚਲਰ ਆਫ਼ ਡੈਂਟਲ ਸਰਜਰੀ BDS ਕੀਤੀ। ਫਿਰ ਸੁਮੇਧਾ ਅੱਗੇ ਦੀ ਪੜ੍ਹਾਈ ਲਈ ਜੰਮੂ ਤੋਂ ਬਾਹਰ ਪੜਨ ਗਈ।
ਫਿਲਹਾਲ ਪੁਲਿਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 302 (ਕਤਲ) ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਹੈ।