ਭਾਈ ਅੰਮ੍ਰਿਤਪਾਲ ਸਿੰਘ ਦੀ ਅੱਜ ਸਵੇਰੇ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਨੇ ਪ੍ਰੈਸ ਕਾਨਫਰੰਸ ਨੂੰ ਬੁਲਾਇਆ ਸੀ। ਦੱਸਿਆ ਜਾ ਰਿਹਾ ਹੈ ਕਿ ਆਈਜੀਪੀ ਹੈਡਕੁਆਟਰ ਸੁਖਚੈਨ ਸਿੰਘ ਗਿੱਲ ਆਈਪੀਐਸ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਮੀਡੀਆ ਨੂੰ ਸੰਬੋਧਨ ਕਰ ਰਹੇ ਹਨ |
ਅੰਮ੍ਰਿਤਪਾਲ ਸਿੰਘ ਨੂੰ ਅੱਜ ਯਾਨੀ ਐਤਵਾਰ ਸਵੇਰੇ 23 ਅਪ੍ਰੈਲ ਨੂੰ ਲਗਭਗ 36 ਦਿਨਾਂ ਬਾਅਦ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਆਪਣੇ ਗ੍ਰਿਫਤਾਰ ਹੋਣ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਵੱਲੋ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਨੂੰ ਸੰਬੋਧਨ ਵੀ ਕੀਤਾ ਗਿਆ ਸੀ। ਬਠਿੰਡਾ ਹਵਾਈ ਅੱਡੇ ਤੋਂ ਫਲਾਈਟ ਦੇ ਜ਼ਰੀਏ ਅੰਮ੍ਰਿਤਪਾਲ ਸਿੰਘ ਨੂੰ ਅਸਮ ਦੀ ਡਿਬਰੂਗੜ੍ਹ ਜੇਲ੍ਹ ‘ਚ ਲਿਜਾਇਆ ਗਿਆ ਹੈ।
ਆਈਜੀ ਸੁਖਚੈਨ ਗਿੱਲ ਨੇ ਅੱਗੇ ਕਿਹਾ ਹੈ ਕਿ ਪੰਜਾਬ ਪੁਲਿਸ ਤੇ ਕੇਂਦਰੀ ਏਜੰਸੀਆਂ ਦੇ ਸਾਂਝੇ ਆਪ੍ਰੇਸ਼ਨ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੂੰ ਕਾਬੂ ਕਰਨ ਦਾ ਇਹ ਆਪ੍ਰੇਸ਼ਨ ਪਿਛਲੇ 36 ਦਿਨਾਂ ਤੋਂ ਜਾਰੀ ਸੀ ਤੇ ਪੰਜਾਬ ਪੁਲਿਸ ਤੇ ਇੰਟੈਲੀਜੈਂਸ ਦੀ ਆਪਸੀ ਸਾਂਝੇਦਾਰੀ ਨਾਲ ਇਹ ਗ੍ਰਿਫਤਾਰੀ ਹੋਈ ਹੈ। ਉਨ੍ਹਾਂ ਨੇ ਅੱਗੇ ਦੱਸਿਆ ਹੈ ਕਿ ਇਸ ਕਾਰਵਾਈ ‘ਚ ਪੰਜਾਬ ਦੇ ਲੋਕਾਂ ਨੇ ਅਮਨ-ਸ਼ਾਂਤੀ ਕਾਇਮ ਰੱਖੀ, ਇਸ ਲਈ ਅਸੀਂ ਪੰਜਾਬ ਦੇ ਲੋਕਾਂ ਦਾ ਸ਼ੁਕਰੀਆ ਕਰਦੇ ਹਾਂ।
ਜਿਸ ਸਮੇਂ ਅੰਮ੍ਰਿਤਪਾਲ ਸਿੰਘ ਨੂੰ ਪਤਾ ਲੱਗ ਗਿਆ ਕਿ ਉਸ ਨੂੰ ਪੁਲਿਸ ਨੇ ਚਾਰੇ ਪਾਸਿਓਂ ਤੋਂ ਘੇਰ ਲਿਆ ਗਿਆ ਹੈ ਤੇ ਉਸ ਕੋਲ ਬਚਾਅ ਕਰਨ ਦਾ ਕੋਈ ਰਸਤਾ ਨਹੀਂ ਸੀ ਤਾਂ ਉਸ ਨੇ ਆਤਮ ਸਮਰਪਣ ਕਰ ਦਿੱਤਾ।