ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਦਾ ਮੰਨਣਾ ਹੈ ਕਿ ਭਾਰਤ ਪਾਕਿਸਤਾਨ ਦੇ ਖਿਲਾਫ ਮੈਚ ਹਾਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਪਰ ਹਾਰਦਿਕ ਪੰਡਯਾ ਦੇ ਆਲਰਾਊਂਡ ਪ੍ਰਦਰਸ਼ਨ ਨੇ ਉਨ੍ਹਾਂ ਨੂੰ 148 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ‘ਚ ਮਦਦ ਕੀਤੀ। ਪਾਕਿਸਤਾਨ ਦੇ 147 ਦੌੜਾਂ ‘ਤੇ ਆਊਟ ਹੋਣ ਤੋਂ ਬਾਅਦ ਭਾਰਤ ਅਜਿਹੀ ਸਥਿਤੀ ‘ਚ ਸੀ ਜਿੱਥੇ ਆਖਰੀ 6 ਓਵਰਾਂ ‘ਚ 59 ਦੌੜਾਂ ਦੀ ਲੋੜ ਸੀ।
ਪੰਡਯਾ (17 ਗੇਂਦਾਂ ‘ਤੇ ਅਜੇਤੂ 33 ਦੌੜਾਂ) ਅਤੇ ਰਵਿੰਦਰ ਜਡੇਜਾ (29 ਗੇਂਦਾਂ ‘ਤੇ 35 ਦੌੜਾਂ) ਨੇ ਸਿਰਫ 29 ਗੇਂਦਾਂ ‘ਤੇ 52 ਦੌੜਾਂ ਦੀ ਸਾਂਝੇਦਾਰੀ ਕੀਤੀ। ਅਖਤਰ ਨੇ ਯੂਟਿਊਬ ਚੈਨਲ ‘ਤੇ ਕਿਹਾ, ‘ਮੈਂ ਭਾਰਤ ਅਤੇ ਪਾਕਿਸਤਾਨ ਦੋਵਾਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਦੋਵੇਂ ਟੀਮਾਂ ਨੇ ਮੈਚ ਹਾਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤ ਜਿੱਤਣ ‘ਚ ਕਾਮਯਾਬ ਰਿਹਾ। ਭਾਰਤ ਮੈਚ ਹਾਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ, ਪਰ ਪੰਡਯਾ ਨੇ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦਿੱਤਾ।” ਅਖਤਰ ਨੇ ਪਾਕਿਸਤਾਨ ਦੇ ਵਿਕਟਕੀਪਰ-ਬੱਲੇਬਾਜ਼ ਮੁਹੰਮਦ ਰਿਜ਼ਵਾਨ ਦੀਆਂ 42 ਗੇਂਦਾਂ ‘ਤੇ 43 ਦੌੜਾਂ ਦੀ ਸਲਾਮੀ ਬੱਲੇਬਾਜ਼ੀ ਦੀ ਆਲੋਚਨਾ ਕੀਤੀ।