ਹੈਦਰਾਬਾਦ (ਰਾਘਵਾ)— ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਵੱਡਾ ਦਾਅਵਾ ਕੀਤਾ ਹੈ ਕਿ ਐਲੋਨ ਮਸਕ ਦੀ ਕੰਪਨੀ ਟੇਸਲਾ ਤੇਲੰਗਾਨਾ ‘ਚ ਨਿਵੇਸ਼ ਕਰਨਾ ਚਾਹੁੰਦੀ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਰੈਡੀ ਨੇ ਕਿਹਾ ਕਿ ਸ਼ਾਹ ਅਤੇ ਮੋਦੀ ਨੇ ਮਸਕ ਦੀ ਕੰਪਨੀ ‘ਤੇ ਗੁਜਰਾਤ ‘ਚ ਨਿਵੇਸ਼ ਕਰਨ ਲਈ ਦਬਾਅ ਪਾਇਆ।
ਇਕ ਇੰਟਰਵਿਊ ‘ਚ ਕਾਂਗਰਸ ਨੇਤਾ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਕਿਹਾ ਕਿ ਫੋਕਸਕਾਨ ਅਤੇ ਟੇਸਲਾ ‘ਤੇ ਕੇਂਦਰ ਵਲੋਂ ਤੇਲੰਗਾਨਾ ਛੱਡਣ ਲਈ ਦਬਾਅ ਪਾਇਆ ਗਿਆ ਸੀ। ਰੈੱਡੀ ਨੇ ਸਵਾਲ ਕੀਤਾ, “ਕੀ ਤੇਲੰਗਾਨਾ ਭਾਰਤ ਦਾ ਹਿੱਸਾ ਨਹੀਂ ਹੈ? ਉਹ (ਟੇਸਲਾ) ਤੇਲੰਗਾਨਾ ਵਿੱਚ ਨਿਵੇਸ਼ ਕਰਨਾ ਚਾਹੁੰਦੇ ਸਨ, ਪਰ ਅਜਿਹਾ ਨਹੀਂ ਹੋਣ ਦਿੱਤਾ। ਅਸੀਂ ਜਾਣਦੇ ਹਾਂ ਕਿ ਕੰਪਨੀ ਨਾਲ ਕਿਵੇਂ ਗੱਲ ਕਰਨੀ ਹੈ। ਮੈਂ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠਾ ਹਾਂ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ‘ਤੇ ਹਮਲਾ ਬੋਲਦੇ ਹੋਏ ਰੈੱਡੀ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਸੋਚਦੇ ਹਨ ਕਿ ਸਿਰਫ਼ ਗੁਜਰਾਤ ਹੀ ਭਾਰਤ ਹੈ। ਅਜਿਹਾ ਨਹੀਂ ਹੈ। ਹੋਰ ਰਾਜ ਵੀ ਹਨ। ਉਨ੍ਹਾਂ ਦੇ ਵੀ ਅਧਿਕਾਰ ਹਨ।” ਰਿਪੋਰਟਾਂ ਮੁਤਾਬਕ ਟੇਸਲਾ ਭਾਰਤ ‘ਚ ਆਪਣੀ ਫੈਕਟਰੀ ਲਗਾਉਣ ਲਈ ਜਗ੍ਹਾ ਲੱਭ ਰਹੀ ਹੈ। ਮਹਾਰਾਸ਼ਟਰ ਅਤੇ ਗੁਜਰਾਤ ਨੇ ਵੀ ਟੇਸਲਾ ਨੂੰ ਫੈਕਟਰੀ ਬਣਾਉਣ ਲਈ ਜ਼ਮੀਨ ਦੀ ਪੇਸ਼ਕਸ਼ ਕੀਤੀ ਹੈ।