ਜਲੰਧਰ ‘ਚ ਚੋਰੀ ਦੇ ਇੱਕ ਮਾਮਲੇ ‘ਚ ਫਸੇ ਹੋਏ ਜੀਜੇ ਤੋਂ ਬਾਅਦ ਗਾਇਕ ਮਾਸਟਰ ਸਲੀਮ ਫਿਰ ਤੋਂ ਵਿਵਾਦਾਂ ‘ਚ ਘਿਰੇ ਹੋਏ ਨੇ । ਸਾਂਸੀ ਭਾਈਚਾਰੇ ਨੇ ਮਾਸਟਰ ਸਲੀਮ ਵਿਰੁੱਧ ਮੋਰਚਾ ਲੱਗਾ ਦਿੱਤਾ ਹੈ। ਲੋਕਾਂ ਨੇ ਅੱਜ ਯਾਨੀ ਸ਼ਨੀਵਾਰ ਨੂੰ ਮਾਸਟਰ ਸਲੀਮ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਥਾਣਾ ਡਿਵੀਜ਼ਨ ਨੰਬਰ ਇੱਕ ‘ਚ ਸ਼ਿਕਾਇਤ ਦਿੱਤੀ ਹੈ।
ਭਾਈਚਾਰੇ ਦੇ ਲੋਕਾਂ ਨੇ ਦੱਸਿਆ ਹੈ ਕਿ ਗਾਇਕ ਮਾਸਟਰ ਸਲੀਮ ਦਾ ਉਨ੍ਹਾਂ ਦੇ ਘਰ ਵਿੱਚ ਕੋਈ ਲੜਾਈ ਚੱਲ ਰਹੀ ਹੈ। ਉਸ ਝਗੜੇ ਵਿੱਚ ਉਨ੍ਹਾਂ ਨੇ ਸਾਂਸੀ ਭਾਈਚਾਰੇ ਨਾਲ ਬਦਸਲੂਕੀ ਕੀਤੀ ਹੈ। ਉਨ੍ਹਾਂ ਦੀ ਜਾਤ ਉਨ੍ਹਾਂ ਦੀ ਪਛਾਣ ਹੈ। ਜੇਕਰ ਕੋਈ ਉਨ੍ਹਾਂ ਦੀ ਜਾਤ ਬਾਰੇ ਕੁਝ ਗ਼ਲਤ ਕਹੇ ਤਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਭਾਈਚਾਰੇ ਦੇ ਮੁਖੀ ਸੁਰਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਦੇ ਪਿੱਛੇ ਸਥਿਤ ਇੰਦਰਾ ਕਲੋਨੀ ਵਿੱਚ ਗਾਇਕ ਮਾਸਟਰ ਸਲੀਮ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਭਾਈਚਾਰੇ ਦੀ ਇੱਕ ਕੁੜੀ ਦਾ ਵਿਆਹ ਹੋਇਆ ਹੈ। ਪਰਿਵਾਰ ਵਿੱਚ ਮਾਸਟਰ ਸਲੀਮ ਦੀ ਪਤਨੀ ਅਤੇ ਭਾਈਚਾਰੇ ਦੀ ਇੱਕ ਵਿਆਹੀ ਕੁੜੀ ਵਿੱਚ ਰੋਜ਼ ਝਗੜਾ ਹੁੰਦਾ ਹੈ। ਮਾਸਟਰ ਸਲੀਮ ਅਤੇ ਉਨ੍ਹਾਂ ਦੀ ਪਤਨੀ ਦੋਵੇਂ ਭਾਈਚਾਰੇ ਨੂੰ ਗ਼ਲਤ ਸ਼ਬਦ ਬੋਲਦੇ ਹਨ।
ਭਾਈਚਾਰੇ ਦੇ ਦੀਪਕ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ‘ਚ ਕੀ ਹੋ ਰਿਹਾ ਹੈ, ਉਨ੍ਹਾਂ ਨੂੰ ਆਪਣੇ ਘਰ ਵਿੱਚ ਬੈਠ ਕੇ ਸਾਰੇ ਮਾਮਲੇ ਹੱਲ ਕਰਨੇ ਚਾਹੀਦੇ ਹਨ ਪਰ ਕਿਸੇ ਦੀ ਜਾਤ ਨੂੰ ਗ਼ਲਤ ਬੋਲਣਾ ਕਿਸ ਹੱਦ ਤੱਕ ਜਾਇਜ਼ ਹੈ | ਉਨ੍ਹਾਂ ਨੇ ਅੱਗੇ ਕਿਹਾ ਕਿ ਮਾਸਟਰ ਸਲੀਮ ਨੂੰ ਇਸ ਲਈ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ |