ਚੰਡੀਗੜ੍ਹ: ਚੰਡੀਗੜ੍ਹ ਸੈਕਟਰ 9 ਦੇ ਸਭ ਤੋਂ ਮਸ਼ਹੂਰ ਕਾਰਮਲ ਕਾਨਵੈਂਟ ਸਕੂਲ ਵਿੱਚ ਦਰੱਖਤ ਡਿੱਗਣ ਕਾਰਨ ਇੱਕ ਬੱਚੀ ਨੇ ਆਪਣੀ ਜਾਨ ਗਵਾ ਦਿੱਤੀ। ਮ੍ਰਿਤਕ ਲੜਕੀ ਦੀ ਪਛਾਣ ਸੈਕਟਰ 43 ਦੀ ਹੀਰਾਕਸ਼ੀ ਵਜੋਂ ਹੋਈ ਹੈ। ਇਸ ਦੇ ਨਾਲ ਹੀ ਚਾਰ ਲੜਕੀਆਂ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਹਾਦਸੇ ਦੌਰਾਨ 4 ਸਕੂਲੀ ਬੱਚੇ ਜ਼ਖਮੀ ਹੋਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਕੂਲ ਵਿੱਚ ਦੁਪਹਿਰ ਦੇ ਖਾਣੇ ਦਾ ਸਮਾਂ ਸੀ ਅਤੇ ਇਸ ਵੱਡੇ ਦਰੱਖਤ ਕੋਲ ਕਈ ਲੜਕੀਆਂ ਖੇਡ ਰਹੀਆਂ ਸਨ। ਫਿਰ ਅਚਾਨਕ ਦਰੱਖਤ ਕੁੜੀਆਂ ‘ਤੇ ਡਿੱਗ ਪਿਆ। ਜ਼ਖ਼ਮੀ ਲੜਕੀਆਂ ਨੂੰ ਜੀਐਮਐਸਐਚ-16 ਵਿੱਚ ਦਾਖ਼ਲ ਕਰਵਾਇਆ ਗਿਆ।
ਇਸ ਹਾਦਸੇ ਤੋਂ ਬਾਅਦ ਪੰਜਾਬ ਦੀ ਮਾਨ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ। ਦਰਅਸਲ, ਸਰਕਾਰ ਨੇ ਸੂਬੇ ਦੇ ਸਕੂਲਾਂ ਵਿੱਚ ਲਗਾਏ ਗਏ ਸੁੱਕੇ ਅਤੇ ਪੁਰਾਣੇ ਰੁੱਖਾਂ ਸਬੰਧੀ ਵੇਰਵੇ ਮੰਗੇ ਹਨ। ਇਸ ਦੇ ਲਈ ਡੀਪੀਆਈ ਨੇ ਸਕੂਲਾਂ ਨੂੰ ਪੱਤਰ ਲਿਖਿਆ ਹੈ। ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਕਈ ਸਕੂਲਾਂ ਵਿੱਚ ਪੁਰਾਣੇ ਅਤੇ ਸੁੱਕੇ ਦਰੱਖਤ ਹਨ। ਜਿਨ੍ਹਾਂ ਸਕੂਲਾਂ ਵਿੱਚ ਅਜਿਹੇ ਰੁੱਖ ਹਨ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਇਸਦੇ ਨਾਲ ਹੀ ਪੁਰਾਣੇ ਰੁੱਖ ਕੱਟ ਦਿੱਤੇ ਜਾਣ।