ਪੰਜਾਬ ਕਾਂਗਰਸ ਵੱਲੋਂ ਚੰਡੀਗੜ੍ਹ ‘ਚ ਅੱਜ ਕਾਰੋਬਾਰੀ ਅਡਾਨੀ ਅਤੇ ਮੋਦੀ ਸਰਕਾਰ ਦੇ ਖ਼ਿਲਾਫ਼ ਰਾਜ ਭਵਨ ਤੱਕ ਮਾਰਚ ਕਰਨ ਦੀ ਤਿਆਰੀ ਸ਼ੁਰੂ ਕੀਤੀ ਸੀ। ਪਰ ਚੰਡੀਗੜ੍ਹ ਪੁਲਿਸ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਇਸ ਦੌਰਾਨ ਕਾਫੀ ਜੱਦੋ-ਜਹਿਦ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਸਾਰੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਇਸ ਦੌਰਾਨ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਨੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਚੰਡੀਗੜ੍ਹ ‘ਚ ਪੰਜਾਬ ਕਾਂਗਰਸ ਭਵਨ ‘ਚ ਰੋਸ ਪ੍ਰਦਰਸ਼ਨ ਕੀਤਾ ਅਤੇ ਭਾਸ਼ਣ ਦਿੱਤੇ। ਵਰਕਰਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਨਾਅਰੇਬਾਜ਼ੀ ਵੀ ਕੀਤੀ ਕਿ ਮੋਦੀ ਅਡਾਨੀ ‘ਤੇ ਮਿਹਰਬਾਨ ਅਤੇ ਦੋਸਤਾਂ ਦੀ ਮਦਦ ਕਰਨਾ ਬੰਦ ਕਰੇ ।
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਦੱਸਿਆ ਕਿ ‘ਚਲੋ ਰਾਜ ਭਵਨ’ ਨਾਂ ਦਾ ਇਹ ਮਾਰਚ ਭਾਜਪਾ ਦੇ ਸਰਮਾਏਦਾਰ ਗੌਤਮ ਅਡਾਨੀ ਦੀਆਂ ਨੀਤੀਆਂ ਖ਼ਿਲਾਫ਼ ਕੱਢਿਆ ਜਾਣਾ ਸੀ। ਕਾਂਗਰਸੀ ਆਗੂ ਤੇ ਵਰਕਰਾਂ ਨੇ ‘ਦੋਸਤਾਂ ਨੂੰ ਦੇਸ਼ ਵੇਚਣਾ ਬੰਦ ਕਰੋ’ ਦੇ ਨਾਅਰੇ ਲਾਏ। ਕਾਂਗਰਸੀ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਪੱਖਪਾਤੀ ਨੀਤੀਆਂ ਕਾਰਨ ਅੱਜ ਧਰਨਾ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਵੀ ਪੰਜਾਬ ਕਾਂਗਰਸ ਸ਼ੁਰੂ ਤੋਂ ਹੀ ਭਾਜਪਾ ‘ਤੇ ਅਡਾਨੀ ਦਾ ਸਮਰਥਨ ਕਰਨ ਅਤੇ ਉਸ ਨੂੰ ਫਾਇਦਾ ਪਹੁੰਚਾਉਣ ਦਾ ਇਲਜ਼ਾਮ ਲਾਉਂਦੀ ਰਹੀ ਹੈ। ਇਸ ਵੇਲੇ ਸਾਰੇ ਕਾਂਗਰਸੀ ਆਗੂ ਤੇ ਵਰਕਰ ਪੁਲਿਸ ਦੀ ਨਿਗਰਾਨੀ ਹੇਠ ਹਨ ਅਤੇ ਅੱਜ ਮੁੜ ਧਰਨਾ ਨਾ ਦੇਣ ਦੀ ਸ਼ਰਤ ’ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਕਾਂਗਰਸ ਨੇ ਭਾਜਪਾ ‘ਤੇ ਸਰਕਾਰੀ ਟੈਂਡਰਾਂ ਸਮੇਤ ਵਿਦੇਸ਼ੀ ਦੌਰਿਆਂ ਦੌਰਾਨ ਅਡਾਨੀ ਦਾ ਪੱਖ ਲੈਣ ਦਾ ਦੋਸ਼ ਲਾਇਆ ਹੈ।