ਚੰਡੀਗੜ੍ਹ: ਵਿੱਤ ਸਕੱਤਰ ਵਿਜੇ ਨਾਮਦੇਵ ਰਾਓ ਜੇਡੇ ਨੇ ਬੁੱਧਵਾਰ ਨੂੰ ਅਸਟੇਟ ਦਫ਼ਤਰ ਦੇ ਪੰਜ ਅਧਿਕਾਰੀਆਂ ਨੂੰ ਕੰਮ ਵਿੱਚ ਲਾਪਰਵਾਹੀ ਵਰਤਣ ਲਈ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਸਮੀਖਿਆ ਮੀਟਿੰਗ ਤੋਂ ਬਾਅਦ ਕੀਤੀ ਗਈ, ਜਿਨ੍ਹਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਵਿੱਚ ਸੀਨੀਅਰ ਸਹਾਇਕ ਸ਼ਿਵ ਕੁਮਾਰ, ਅਮਨਜੋਤ ਸਿੰਘ, ਸਰੋਜ, ਸ਼ਸ਼ੀ ਨਾਗਰ ਅਤੇ ਜੂਨੀਅਰ ਸਹਾਇਕ ਸੁਨੀਲ ਪਾਇਲ ਸ਼ਾਮਲ ਹਨ। ਵਿੱਤ ਸਕੱਤਰ ਨੇ ਬਕਾਇਆ ਕੰਮਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਹ ਕਾਰਵਾਈ ਕੀਤੀ ਹੈ।
ਵਿੱਤ ਸਕੱਤਰ ਨੇ ਬੁੱਧਵਾਰ ਨੂੰ ਅਸਟੇਟ ਦਫਤਰ ਦੇ ਸਾਰੇ ਵਿਭਾਗਾਂ ਦੇ ਕੰਮਕਾਜ ਨੂੰ ਲੈ ਕੇ ਸਮੀਖਿਆ ਮੀਟਿੰਗ ਬੁਲਾਈ ਸੀ। ਮੀਟਿੰਗ ਵਿੱਚ ਉਨ੍ਹਾਂ ਸਾਰੇ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ। ਇਸ ਵਿੱਚ ਮੁੱਖ ਤੌਰ ‘ਤੇ ਲੀਜ਼ ਹੋਲਡ ਦੇ ਕੰਮ, ਕਿਰਾਏ ਦੀਆਂ ਜਾਇਦਾਦਾਂ ਦੇ ਬਕਾਇਆ ਬਕਾਏ ਦੀ ਰਿਕਵਰੀ, ਕਬਜ਼ੇ ਵਾਲੀਆਂ ਜਾਇਦਾਦਾਂ, ਖਾਲੀ ਪਲਾਟ ਅਤੇ ਲੰਬੇ ਸਮੇਂ ਤੋਂ ਲੰਬਿਤ ਅਰਜ਼ੀਆਂ ਦਾ ਨਿਪਟਾਰਾ ਸ਼ਾਮਲ ਹੈ। ਪ੍ਰਸ਼ਾਸਨ ਮੁਤਾਬਕ ਇਨ੍ਹਾਂ ਸਾਰੇ ਕੰਮਾਂ ਦੇ ਸਬੰਧ ਵਿੱਚ ਅਧਿਕਾਰੀਆਂ ਨੂੰ ਜਵਾਬ ਦੇਣ ਲਈ ਸਮਾਂ ਦਿੱਤਾ ਗਿਆ ਸੀ ਪਰ ਉਹ ਸਮਾਂ ਸੀਮਾ ਵਿੱਚ ਕੋਈ ਢੁੱਕਵਾਂ ਜਵਾਬ ਨਹੀਂ ਦੇ ਸਕੇ। ਵਿੱਤ ਸਕੱਤਰ ਨੇ ਕਿਹਾ ਕਿ ਇਹ ਅਧਿਕਾਰੀ ਆਪਣੀ ਸਰਕਾਰੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੇ, ਜਿਸ ਕਾਰਨ ਪ੍ਰਸ਼ਾਸਨ ਨੂੰ ਵਿੱਤੀ ਨੁਕਸਾਨ ਹੋਇਆ ਹੈ, ਇਸ ਲਈ ਇਨ੍ਹਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਮੀਟਿੰਗ ਵਿੱਚ ਡੀਸੀ ਵਿਨੈ ਪ੍ਰਤਾਪ ਸਿੰਘ ਸਮੇਤ ਕਈ ਅਧਿਕਾਰੀ ਹਾਜ਼ਰ ਸਨ।
ਮੱਠੀ ਰਫ਼ਤਾਰ ਨਾਲ ਕਰਦੇ ਸੀ ਕੰਮ
ਵੈਸੇ, ਯੂਟੀ ਪ੍ਰਸ਼ਾਸਨ ਦੇ ਅਸਟੇਟ ਦਫਤਰ ਦੇ ਕੰਮਕਾਜ ‘ਤੇ ਹਮੇਸ਼ਾ ਸਵਾਲ ਖੜ੍ਹੇ ਹੁੰਦੇ ਰਹੇ ਹਨ। ਲੋਕਾਂ ਦਾ ਇੱਥੇ ਚੱਕਰ ਲਗਾਉਣਾ ਆਮ ਗੱਲ ਹੈ ਪਰ ਜਦੋਂ ਵਿਭਾਗ ਵਿੱਚ ਸੇਵਾਵਾਂ ਨੂੰ ਆਨਲਾਈਨ ਕੀਤਾ ਗਿਆ ਤਾਂ ਉਮੀਦ ਸੀ ਕਿ ਕੰਮ ਥੋੜਾ ਤੇਜ਼ ਹੋਵੇਗਾ ਪਰ ਅਜਿਹਾ ਨਹੀਂ ਹੋ ਸਕਿਆ। ਅੱਜ ਵੀ ਕੰਮ ਉਸੇ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਹੈ।