ਅੰਮ੍ਰਿਤਸਰ: ਪੰਜਾਬ ਵਿੱਚ ਧਰਮ ਪਰਿਵਰਤਨ ਦੀਆਂ ਵੱਧ ਰਹੀਆਂ ਘਟਨਾਵਾਂ ਦਰਮਿਆਨ ਬੀਤੇ ਦਿਨ ਥਾਣਾ ਪੱਟੀ ਦੇ ਪਿੰਡ ਠੱਕਰਪੁਰਾ ਵਿੱਚ ਕੁਝ ਨੌਜਵਾਨਾਂ ਨੇ ਚਰਚ ਵਿੱਚ ਦਾਖ਼ਲ ਹੋ ਕੇ ਪ੍ਰਭੂ ਯਿਸੂ ਮਸੀਹ ਅਤੇ ਮਾਤਾ ਮਰੀਅਮ ਦੀ ਮੂਰਤੀ ਤੋੜ ਦਿੱਤੀ। ਜਿਸ ਤੋਂ ਬਾਅਦ ਅੱਜ ਈਸਾਈ ਆਗੂ ਆਪਣਾ ਮੰਗ ਪੱਤਰ ਬਾਰਡਰ ਰੇਂਜ ਅੰਮ੍ਰਿਤਸਰ ਦੇ ਡੀਆਈਜੀ ਨੂੰ ਸੌਂਪ ਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਘਟਨਾ ਦੀ ਸੀਬੀਆਈ ਜਾਂਚ ਦੀ ਮੰਗ ਕਰਨਗੇ। ਨੌਜਵਾਨਾਂ ਨੇ ਪੁਜਾਰੀ ਦੀ ਕਾਰ ਨੂੰ ਵੀ ਸਾੜ ਦਿੱਤਾ। ਇਸ ਘਟਨਾ ਤੋਂ ਬਾਅਦ ਈਸਾਈ ਭਾਈਚਾਰੇ ‘ਚ ਸੋਗ ਦੀ ਲਹਿਰ ਫੈਲ ਗਈ ਅਤੇ ਉਹ ਸੜਕਾਂ ‘ਤੇ ਉਤਰ ਆਏ। ਇੰਨਾ ਹੀ ਨਹੀਂ ਖੇਮਕਰਨ, ਭਿੱਖੀਵਿੰਡ, ਪੱਟੀ, ਹਰੀਕੇ ਅਤੇ ਫਿਰੋਜ਼ਪੁਰ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ।
ਜਾਣਕਾਰੀ ਅਨੁਸਾਰ ਇਹ ਚਰਚ ਕਈ ਸਾਲ ਪੁਰਾਣਾ ਹੈ, ਜਿਸ ਵਿਚ ਪ੍ਰਭੂ ਯਿਸੂ ਮਸੀਹ ਅਤੇ ਮਾਂ ਮਰੀਅਮ ਦੀ ਮੂਰਤੀ ਹੈ। ਮੰਗਲਵਾਰ ਰਾਤ ਕਰੀਬ 12.30 ਵਜੇ ਨਕਾਬਪੋਸ਼ ਨੌਜਵਾਨਾਂ ਨੇ ਗਾਰਡ ਦੇ ਮੱਥੇ ‘ਤੇ ਪਿਸਤੌਲ ਤਾਣ ਕੇ ਉਸ ਦੀ ਭੰਨਤੋੜ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਈਸਾਈ ਮਿਸ਼ਨਰੀਆਂ ਵੱਲੋਂ ਜਬਰੀ ਧਰਮ ਪਰਿਵਰਤਨ ਕਰਨ ਵਿਰੁੱਧ ਬਿਆਨ ਜਾਰੀ ਕੀਤਾ ਹੈ। ਦਰਅਸਲ ਐਤਵਾਰ ਨੂੰ ਅੰਮ੍ਰਿਤਸਰ ‘ਚ ਈਸਾਈਆਂ ਅਤੇ ਨਿਹੰਗ ਸਿੰਘਾਂ ਵਿਚਾਲੇ ਝਗੜਾ ਹੋ ਗਿਆ ਸੀ। ਇਸ ਝਗੜੇ ਤੋਂ ਬਾਅਦ ਥਾਣਾ ਜੰਡਿਆਲਾ ਵਿਖੇ ਨਿਹੰਗ ਮੁਖੀ ਬਾਬਾ ਮੇਜਰ ਸਿੰਘ ਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਸੀਸੀਟੀਵੀ ਫੁਟੇਜ ਆਈ ਸਾਹਮਣੇ
ਜੋ ਫੁਟੇਜ ਸਾਹਮਣੇ ਆਈ ਹੈ, ਉਸ ਮੁਤਾਬਕ ਇਕ ਨੌਜਵਾਨ ਨੇ ਚਰਚ ਵਿਚ ਬੈਠੇ ਪ੍ਰਭੂ ਯਿਸੂ ਅਤੇ ਮਦਰ ਮੈਰੀ ਦੀ ਮੂਰਤੀ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਅਤੇ ਉਨ੍ਹਾਂ ਦੇ ਸਿਰ ਲਾਹ ਦਿੱਤੇ। ਨੌਜਵਾਨ ਮੂਰਤੀ ਦਾ ਸਿਰ ਆਪਣੇ ਨਾਲ ਲੈ ਗਿਆ। ਜਾਂਦੇ ਸਮੇਂ ਉਸ ਨੇ ਗਾਰਡ ਦੀ ਵੀ ਕੁੱਟਮਾਰ ਕੀਤੀ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਐਸਐਸਪੀ ਤਰਨਤਾਰਨ ਰਣਜੀਤ ਸਿੰਘ ਢਿੱਲੋਂ, ਐਸਪੀ ਵਿਸ਼ਾਲਜੀਤ ਸਿੰਘ, ਡੀਐਸਪੀ ਸਤਨਾਮ ਸਿੰਘ ਅਤੇ ਹੋਰ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ। ਘਟਨਾ ਕਾਰਨ ਈਸਾਈ ਭਾਈਚਾਰੇ ਦੇ ਲੋਕਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ। ਸੁਰੱਖਿਆ ਦੇ ਮੱਦੇਨਜ਼ਰ ਸਾਰੇ ਚਰਚਾਂ ਅਤੇ ਪ੍ਰਾਰਥਨਾ ਸਥਾਨਾਂ ‘ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਈਸਾਈ ਭਾਈਚਾਰੇ ਦੇ ਜਵਾਨ ਵੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ। ਪਾਸਟਰ ਸੋਖਾ ਮਸੀਹ ਨੇ ਕਿਹਾ ਕਿ ਈਸਾਈਅਤ ਇਸ ਘਟਨਾ ਦੀ ਨਿੰਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਈਚਾਰਕ ਸਾਂਝ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਐਸਐਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਭਾਲ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।