ਚੰਡੀਗੜ੍ਹ: ਪੰਜਾਬ ਵਿੱਚ ਡੀਜੀਪੀ ਦੇ ਪੱਕੇ ਅਹੁਦੇ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੈ, ਫਿਲਹਾਲ ਆਈਪੀਐਸ ਗੌਰਵ ਯਾਦਵ ਪੰਜਾਬ ਦੇ ਕਾਰਜਕਾਰੀ ਡੀਜੀਪੀ ਹਨ, ਪਰ ਮੰਨਿਆ ਜਾ ਰਿਹਾ ਹੈ ਕਿ ਗੌਰਵ ਯਾਦਵ ਹੀ ਡੀਜੀਪੀ ਬਣੇ ਰਹਿਣਗੇ। ਦਰਅਸਲ, ਗੌਰਵ ਯਾਦਵ ਨੂੰ ਇਹ ਚਾਰਜ ਵੀਕੇ ਭਾਵਰਾ ਦੀ ਛੁੱਟੀ ਦੇ ਸਮੇਂ ਦਿੱਤਾ ਗਿਆ ਸੀ ਪਰ ਵੀਕੇ ਭਾਵਰਾ ਦੀ ਛੁੱਟੀ 4 ਸਤੰਬਰ ਨੂੰ ਖਤਮ ਹੋ ਰਹੀ ਹੈ।
ਪਹਿਲਾਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਵੀਕੇ ਭਾਵਰਾ ਡਿਊਟੀ ਜੁਆਇਨ ਕਰ ਲੈਣਗੇ ਜਾਂ ਛੁੱਟੀ ਵਧਾ ਦੇਣਗੇ। ਵੀ.ਕੇ.ਭਾਵਰਾ ਨੇ ਪੰਜਾਬ ਸਰਕਾਰ ਨੂੰ ਕੇਂਦਰ ਵਿੱਚ ਡੈਪੂਟੇਸ਼ਨ ’ਤੇ ਜਾਣ ਦੀ ਅਪੀਲ ਕੀਤੀ ਸੀ, ਪਰ ਇਸ ’ਤੇ ਸਰਕਾਰ ਵੱਲੋਂ ਕੋਈ ਹੁੰਗਾਰਾ ਨਹੀਂ ਮਿਲਿਆ ਅਤੇ ਉਨ੍ਹਾਂ ਨੂੰ ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਵਿੱਚ ਲਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੰਨੀ ਸਰਕਾਰ ਵੇਲੇ ਵੀ ਅਜਿਹਾ ਹੀ ਹੋਇਆ ਸੀ। ਦਿਨਕਰ ਗੁਪਤਾ ਦੇ ਛੁੱਟੀ ‘ਤੇ ਜਾਣ ਤੋਂ ਬਾਅਦ ਇਕਬਾਲਪ੍ਰੀਤ ਸਹੋਤਾ ਨੂੰ ਪਹਿਲਾਂ ਡੀਜੀਪੀ ਨਿਯੁਕਤ ਕੀਤਾ ਗਿਆ ਸੀ, ਫਿਰ ਸਿਧਾਰਥ ਚਟੋਪਾਧਿਆਏ ਨੂੰ ਇਸ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਸਥਾਈ ਡੀਜੀਪੀ ਦਿਨਕਰ ਗੁਪਤਾ ਵੀ ਇਸੇ ਹਾਊਸਿੰਗ ਕਾਰਪੋਰੇਸ਼ਨ ਵਿੱਚ ਤਾਇਨਾਤ ਸਨ, ਜਿਸ ਤੋਂ ਬਾਅਦ ਉਹ ਕੇਂਦਰ ਵਿੱਚ ਡੈਪੂਟੇਸ਼ਨ ’ਤੇ ਚਲੇ ਗਏ ਸਨ।