ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਜੋੜ ਮੇਲੇ ਦੌਰਾਨ ਨੌਜਵਾਨ ਨੇ ਸੈਲਫੀ ਲੈਣ ਲਈ ਆਪਣੀ ਜਾਨ ਖ਼ਤਰੇ ਵਿੱਚ ਪਾ ਲਈ| ਇਸ ਪੂਰੇ ਮਾਮਲੇ ਨੇ ਮੇਲੇ ‘ਚ ਹਫੜਾ-ਦਫੜੀ ਮਚਾ ਦਿੱਤੀ| ਸੈਲਫ਼ੀ ਲੈਂਦਾ ਨੌਜਵਾਨ ਝੂਲੇ ਤੋਂ ਹੇਠਾਂ ਡਿੱਗ ਗਿਆ, ਜਿਸ ਦੇ ਕਾਰਨ ਉਹਦੇ ਸਿਰ ‘ਤੇ ਬਹੁਤ ਜਿਆਦਾ ਸੱਟਾ ਲੱਗੀਆਂ । ਲੋਕਾਂ ਵੱਲੋਂ ਹੰਗਾਮਾ ਕਰਨ ‘ਤੇ ਝੂਲੇ ਨੂੰ ਬੰਦ ਕੀਤਾ ਗਿਆ ਅਤੇ ਨੌਜਵਾਨ ਨੂੰ ਹੇਠਾਂ ਲਾਇਆ ਗਿਆ । ਹੁਣ ਨੌਜਵਾਨ ਨੂੰ ਹਸਪਤਾਲ ‘ਚ ਇਲਾਜ ਤੋਂ ਬਾਅਦ ਛੁੱਟੀ ਮਿਲ ਚੁੱਕੀ ਹੈ।
ਇਹ ਸਾਰਾ ਮਾਮਲਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਚੱਲ ਰਹੇ ਜੋੜ ਮੇਲੇ ਦਾ ਹੈ। ਇੱਥੇ ਦੁਪਹਿਰ ਦੇ ਸਮੇ ਇੱਕ ਨੌਜਵਾਨ ਮੇਲੇ ਵਿੱਚ ਵੱਡੇ ਪੰਘੂੜੇ ‘ਤੇ ਝੂਲਾ ਲੈਣ ਲਈ ਚੜ੍ਹਿਆ। ਜਦੋ ਹੀ ਉਹ ਝੂਲੇ ਦੇ ਉੱਪਰ ਗਿਆ ਤਾਂ ਨੌਜਵਾਨ ਨੇ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ ਪਰ ਘੁੰਮਦੇ ਹੋਏ ਝੂਲੇ ਦੀ ਸੋਟੀ ਨੌਜਵਾਨ ਦੇ ਸਿਰ ਵਿੱਚ ਲੱਗੀ ਅਤੇ ਨੌਜਵਾਨ ਬੇਹੋਸ਼ ਹੋ ਗਿਆ ਤੇ ਉੱਥੇ ਹੀ ਝੂਲੇ ਤੇ ਲਟਕ ਗਿਆ । ਇਹ ਘਟਨਾ ਦੇਖ ਕੇ ਉੱਥੇ ਨਾਲ ਬੈਠੇ ਅਤੇ ਆਸ ਪਾਸ ਦੇ ਲੋਕਾਂ ਨੇ ਰੌਲਾ ਪਾ ਦਿੱਤਾ। ਫਿਰ ਝੂਲੇ ਦੀ ਐਮਰਜੈਂਸੀ ਬ੍ਰੇਕ ਲਈ ਗਈ ।
ਇਸ ਮਾਮਲੇ ਤੋਂ ਬਾਅਦ ਨੌਜਵਾਨ ਨੂੰ ਬਚਾਉਣ ਲਈ ਡਰਾਈਵਰ ਤੁਰੰਤ ਝੂਲੇ ‘ਤੇ ਚੜ੍ਹ ਗਿਆ। ਹੌਲੀ-ਹੌਲੀ ਝੂਲੇ ਨੂੰ ਘੁੰਮਾ ਕੇ ਨੌਜਵਾਨ ਨੂੰ ਹੇਠਾਂ ਲਾਇਆ ਗਿਆ। ਲੋਕਾਂ ਦੀ ਸਹਾਇਤਾ ਨਾਲ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਸਿਰ ‘ਤੇ ਬਹੁਤ ਸੱਟਾਂ ਲੱਗੀਆਂ ਹਨ ਜਿਸ ਕਾਰਨ ਡਾਕਟਰਾਂ ਨੇ ਉਸ ਦੇ ਸਿਰ ‘ਤੇ ਟਾਂਕੇ ਲਾਏ ਹਨ । ਹੁਣ ਨੌਜਵਾਨ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਅਤੇ ਨੌਜਵਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ |