ਦੇਸ਼ ਵਿੱਚ ਮੌਸਮ ਦਾ ਰੂਪ ਬਦਲ ਗਿਆ ਹੈ। ਸੋਮਵਾਰ ਨੂੰ ਗੁਜਰਾਤ, ਮੱਧ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ ਸਮੇਤ ਕਈ ਥਾਵਾਂ ‘ਤੇ ਭਾਰੀ ਮੀਂਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਗੁਜਰਾਤ ਵਿੱਚ ਪਿਛਲੇ 24 ਘੰਟਿਆਂ ਵਿੱਚ ਮੀਂਹ ਅਤੇ ਹੜ੍ਹ ਕਾਰਨ 63 ਲੋਕਾਂ ਦੀ ਮੌਤ ਹੋ ਗਈ ਹੈ। ਸਰਕਾਰ ਨੇ ਮੀਂਹ ਨਾਲ ਪ੍ਰਭਾਵਿਤ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਹੈ। ਅੱਠ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਇਸੇ ਤਰ੍ਹਾਂ ਮੱਧ ਪ੍ਰਦੇਸ਼ ਅਤੇ ਕਰਨਾਟਕ ਵਿੱਚ ਵੀ ਬਾਰਸ਼ ਨੇ ਮੁਸੀਬਤ ਵਧਾ ਦਿੱਤੀ ਹੈ। ਗੁਜਰਾਤ ‘ਚ ਅੰਬਿਕਾ ਨਦੀ ਦੇ ਕੰਢੇ ਅਚਾਨਕ ਆਏ ਹੜ੍ਹ ਕਾਰਨ ਸਰਕਾਰੀ ਕਰਮਚਾਰੀ ਫਸ ਗਏ। ਬਾਅਦ ਵਿੱਚ ਵਲਸਾਡ ਦੇ ਕੁਲੈਕਟਰ ਨੇ ਭਾਰਤੀ ਤੱਟ ਰੱਖਿਅਕ ਨੂੰ ਸੂਚਿਤ ਕੀਤਾ ਅਤੇ ਮਦਦ ਮੰਗੀ। ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਕੁਝ ਪਰੇਸ਼ਾਨੀ ਹੋਈ ਪਰ 16 ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਸ ਦੇ ਨਾਲ ਹੀ ਵਲਸਾਡ ਜ਼ਿਲੇ ਦੇ ਕੁਲੈਕਟਰ ਨੇ ਭਾਰੀ ਬਾਰਿਸ਼ ਦੇ ਮੱਦੇਨਜ਼ਰ ਭਲਕੇ 12 ਜੁਲਾਈ ਨੂੰ ਸਾਰੇ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਹਨ।