ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਦੋਸ਼ੀ ਗੈਂਗਸਟਰ ਗੋਲਡੀ ਬਰਾੜ ਦਾ ਨਾਮ ਕੈਨੇਡੀਅਨ ਪੁਲਿਸ ਵੱਲੋਂ ਜਾਰੀ 25 ਮੋਸਟ ਵਾਂਟੇਡ ਦੋਸ਼ੀਆਂ ਦੀ ਸੂਚੀ ਵਿੱਚ ਗੋਲਡੀ ਬਰਾੜ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਸ ਦਾ ਨਾ ਲਿਸਟ ‘ਚ 15ਵੇਂ ਨੰਬਰ ‘ਤੇ ਆਇਆ ਹੈ। ਗੋਲਡੀ ਬਰਾੜ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖਾਸ ਹੈ। ਜੋ ਕਿ ਲਾਰੈਂਸ ਬਿਸ਼ਨੋਈ ਦੇ ਤਿਹਾੜ ਜੇਲ੍ਹ ਵਿੱਚ ਬੰਦ ਹੋ ਜਾਣ ਮਗਰੋਂ ਵਿਦੇਸ਼ ਵਿੱਚ ਬੈਠ ਕੇ ਆਪਣੇ ਗੈਂਗ ਨੂੰ ਚਲਾ ਰਿਹਾ ਹੈ।
ਕੈਨੇਡਾ ਦੀ ਪੁਲਿਸ ਨੇ ਗੋਲਡੀ ਬਰਾੜ ‘ਤੇ ਇਹ ਐਕਸ਼ਨ ਇੰਟਰਪੋਲ ਦੀ ਅਪੀਲ ‘ਤੇ ਕੀਤਾ ਹੈ। ਇੰਟਰਪੋਲ ਦੀ ਵੈੱਬਸਾਈਟ ਅਨੁਸਾਰ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਲੰਬਿਤ ਹੈ, ਜੋ ਭਾਰਤ ਸਰਕਾਰ ਦੇ ਆਖਣ ‘ਤੇ ਜਾਰੀ ਹੋਇਆ ਸੀ। ਗੋਲਡੀ ਬਰਾੜ ਪਹਿਲਾਂ ਹੀ ਭਾਰਤ ਸਰਕਾਰ ਵਲੋਂ ਵਾਂਟੇਡ ਹੈ। ਇਸ ‘ਚ ਗੋਲਡੀ ‘ਤੇ ਕਤਲ, ਅਪਰਾਧਿਕ ਸਾਜ਼ਿਸ਼ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ, ਕਤਲ ਦੀ ਕੋਸ਼ਿਸ਼, ਅਪਰਾਧਿਕ ਸਾਜ਼ਿਸ਼ ‘ਚ ਗੈਰ-ਕਾਨੂੰਨੀ ਹਥਿਆਰ ਮੁਹੱਈਆ ਕਰਵਾਉਣ ਵਰਗੇ ਗੰਭੀਰ ਜ਼ੁਰਮ ਸ਼ਾਮਲ ਹਨ।
ਸੂਤਰਾਂ ਦੇ ਅਨੁਸਾਰ ਗੋਲਡੀ ਬਰਾੜ ਇਸ ਵੇਲੇ ਅਮਰੀਕਾ ਵਿੱਚ ਲੁਕਿਆ ਹੈ। ਖੁਫੀਆ ਏਜੰਸੀਆਂ ਦੇ ਅਨੁਸਾਰ ਗੋਲਡੀ ਬਰਾੜ ਸਿੱਧੂ ਮੂਸੇਵਾਲਾ ਦੇ ਕਤਲ ਸਮੇਂ ਕੈਨੇਡਾ ‘ਚ ਰਹਿੰਦਾ ਸੀ। ਗਾਇਕ ਦੇ ਕਤਲ ਤੋਂ ਮਗਰੋਂ ਗੋਲਡੀ ਬਰਾੜ ਭਾਰਤੀ ਖੁਫੀਆ ਏਜੰਸੀਆਂ ਅਤੇ ਮੂਸੇਵਾਲਾ ਦੇ ਫੈਨਸ ਦੇ ਨਿਸ਼ਾਨੇ ‘ਤੇ ਆਇਆ ਹੋਇਆ ਸੀ। ਗੋਲਡੀ ਨੂੰ ਡਰ ਸੀ ਕਿ ਕੋਈ ਉਸਦਾ ਪਤਾ ਨਾ ਦੱਸ ਦੇਵੇ। ਇਸ ਵਜ੍ਹਾ ਨਾਲ ਉਹ ਕੁਝ ਦੇਰ ਪਹਿਲਾਂ ਕੈਨੇਡਾ ਤੋਂ ਫਰਿਜ਼ਨੋ ਸ਼ਹਿਰ, ਕੈਲੀਫੋਰਨੀਆ, ਅਮਰੀਕਾ ਵਿੱਚ ਚਲਾ ਗਿਆ ਸੀ। ਉਥੇ ਜਾ ਕੇ ਉਸ ਨੇ ਦੋ ਵਕੀਲਾਂ ਦੀ ਸਹਾਇਤਾ ਨਾਲ ਸਿਆਸੀ ਸ਼ਰਨ ਵੀ ਲਈ ਸੀ।