ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਦੇ ਭਰਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਹਰਕਤ ਵਿੱਚ ਹੈ। AGTF ਨੇ ਗਾਇਕ ਕਰਨ ਔਜਲਾ ਦੀ ਮੈਨੇਜਰ ਸ਼ਾਰਪੀ ਘੁੰਮਣ ਸਣੇ 8 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਸਾਰਿਆਂ ਵਿਰੁੱਧ ਮੁਹਾਲੀ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਹੋ ਗਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ 16 ਅਪ੍ਰੈਲ ਨੂੰ ਪੰਜਾਬੀ ਗਾਇਕ ਕਰਨ ਔਜਲਾ ਤੇ ਸ਼ੈਰੀ ਮਾਨ ਦੀ ਯੂਐੱਸਏ ਵਿੱਚ ਵਿਆਹ ਚ ਪੇਸ਼ਕਾਰੀ ਦਿੰਦੇ ਹੋਇਆ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ। ਇਸ ਵੀਡੀਓ ‘ਚ ਲਾਰੈਂਸ ਦਾ ਭਰਾ ਅਨਮੋਲ ਨੱਚਦੇ ਹੋਏ ਨਜ਼ਰ ਆ ਰਿਹਾ ਸੀ। ਜਦੋਂ ਕਿ ਵਿਦੇਸ਼ ਮੰਤਰਾਲੇ ਨੇ ਸਤੰਬਰ 2022 ਵਿੱਚ ਬਿਆਨ ਦਿੱਤਾ ਸੀ ਕਿ ਅਨਮੋਲ ਨੂੰ ਕੀਨੀਆ ‘ਚ ਡਿਟੇਨ ਕੀਤਾ ਹੋਇਆ ਹੈ ਪਰ ਅਪ੍ਰੈਲ ਵਿੱਚ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵਿਦੇਸ਼ ਮੰਤਰਾਲੇ ਨੂੰ ਵੀ ਇਸ ਬਾਰੇ ਸਪੱਸ਼ਟੀਕਰਨ ਦੇਣਾ ਪਿਆ ਸੀ।
ਸੂਚਨਾ ਦੇ ਅਨੁਸਾਰ ਦੋਸ਼ੀ ਸ਼ਾਰਪੀ ਘੁੰਮਣ ਨੂੰ ਪਟਿਆਲਾ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਸ਼ਾਰਪੀ ਘੁੰਮਣ ਗਾਇਕ ਕਰਨ ਔਜਲਾ ਦਾ ਕਰੀਬੀ ਹੈ। ਗਾਇਕ ਕਰਨ ਔਜਲਾ ਦੇ ਨਾਲ ਦਿਸਣ ਤੋਂ ਬਿਨ੍ਹਾਂ ਸ਼ਾਰਪੀ ਘੁੰਮਣ ਦਾ ਨਾਮ ਕਬੱਡੀ ਦੇ ਸਮਾਗਮ ਕਰਵਾਉਣ ਵਿੱਚ ਵੀ ਸ਼ਾਮਿਲ ਹੈ। ਫਿਲਹਾਲ AGTF ਉਸ ਤੋਂ ਅਨਮੋਲ ਬਾਰੇ ਜਾਂਚ ਕਰਨ ਵਾਲੀ ਹੈ।