ਚੰਡੀਗੜ੍ਹ: ਖੇਡ ਵਿਭਾਗ ਵੱਲੋਂ ਖੇਡ ਪੱਖੀ ਮਾਹੌਲ ਸਿਰਜਣ ਲਈ ਸ਼ੁਰੂ ਕੀਤੇ ਗਏ ‘ਖੇਡਾਂ ਵਤਨ ਪੰਜਾਬ ਦੀਆਂ 2022’ ਦੇ ਆਖਰੀ ਪੜਾਅ ਦੇ ਸੂਬਾ ਪੱਧਰੀ ਮੈਚਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 29 ਖੇਡਾਂ ਦੇ ਇਹ ਮੈਚ 11 ਤੋਂ 22 ਅਕਤੂਬਰ ਤੱਕ 9 ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਜਾਣਗੇ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਬਲਾਕ ਅਤੇ ਜ਼ਿਲ੍ਹਾ ਪੱਧਰੀ ਮੈਚਾਂ ਦੇ ਸਫਲ ਪ੍ਰਬੰਧਾਂ ਤੋਂ ਬਾਅਦ ਰਾਜ ਪੱਧਰੀ ਮੈਚਾਂ ਲਈ ਖੇਡ ਵਿਭਾਗ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਮੀਤ ਹੇਅਰ ਨੇ ਦੱਸਿਆ ਕਿ ਇਨ੍ਹਾਂ ਰਾਜ ਪੱਧਰੀ ਟੂਰਨਾਮੈਂਟਾਂ ਦੇ ਜੇਤੂਆਂ ਨੂੰ ਕੁੱਲ 6 ਕਰੋੜ ਰੁਪਏ ਦੇ ਇਨਾਮ ਦਿੱਤੇ ਜਾਣਗੇ। ਪਹਿਲੇ, ਦੂਜੇ ਅਤੇ ਤੀਜੇ ਨੰਬਰ ‘ਤੇ ਆਉਣ ਵਾਲਿਆਂ ਨੂੰ ਕ੍ਰਮਵਾਰ 10 ਹਜ਼ਾਰ, 7 ਹਜ਼ਾਰ ਅਤੇ 5 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਦਾ ਗਰੇਡੇਸ਼ਨ ਵੀ ਹੋਵੇਗਾ। ਖੇਡ ਮੰਤਰੀ ਦੀਆਂ ਹਦਾਇਤਾਂ ’ਤੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ ਅਤੇ ਡਾਇਰੈਕਟਰ ਰਾਜੇਸ਼ ਧੀਮਾਨ ਨੇ ਸਮੂਹ ਜ਼ਿਲ੍ਹਾ ਖੇਡ ਅਧਿਕਾਰੀਆਂ ਨਾਲ ਮੀਟਿੰਗ ਕੀਤੀ।